chote sahibzade: ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਕੁਰਬਾਨੀ ਨੂੰ ਮੁੱਖ ਰੱਖ ਕੇ ਅੱਜ 25 ਦਸੰਬਰ ਤੋਂ ਸ਼ਹੀਦੀ ਸਭਾ ਸ਼ੁਰੂ ਹੋ ਰਹੀ ਹੈ ਪਰ ਪੋਹ ਦਾ ਮਹੀਨਾ ਚੜ੍ਹਦੇ ਹੀ ਲੱਖਾਂ ਸ਼ਰਧਾਲੂ ਫ਼ਤਿਹਗੜ੍ਹ ਸਾਹਿਬ ਵਿਖੇ ਸਥਿਤ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲਗਾਤਾਰ ਪਹੁੰਚ ਰਹੇ ਹਨ। ਇਤਿਹਾਸ ਦੇ ਪੰਨਿਆਂ ‘ਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਤੋਂ ਹੁੰਦੀ ਹੈ। ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ 9 ਸਾਲ ਤੇ ਬਾਬਾ ਫ਼ਤਿਹ ਸਿੰਘ 7 ਸਾਲ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ‘ਚ ਫ਼ਤਿਹਗੜ੍ਹ ਸਾਹਿਬ ‘ਚ ਹਰ ਸਾਲ ਤਿੰਨ ਦਿਨ ਤਕ ਸ਼ਹੀਦੀ ਜੋੜ ਮੇਲ ਹੁੰਦਾ ਹੈ।
ਇਤਿਹਾਸ ਅਨੁਸਾਰ ਮੁਗਲ ਹਕੂਮਤ ਦੀਆਂ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਦਲਾਂ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਸੀ। ਰਸਦ-ਪਾਣੀ ਪੁੱਜਣ ਦੇ ਸਮੂਹ ਰਸਤੇ ਬੰਦ ਕਰ ਦਿੱਤੇ ਗਏ ਸਨ ਪਰ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੁਝਾਰੂ ਸਿੰਘ ਫਿਰ ਵੀ ਦੁਸ਼ਮਣ ਨੂੰ ਪੂਰੀ ਟੱਕਰ ਦਿੰਦੇ ਰਹੇ। ਅਖੀਰ ਮੁਗਲ ਹਾਕਮਾਂ ਤੇ ਪਹਾੜੀ ਰਾਜਿਆਂ ਵਲੋਂ ਇਹ ਵਿਸ਼ਵਾਸ ਦਿਵਾਏ ਜਾਣ ‘ਤੇ ਕਿ ਜੇਕਰ ਗੁਰੂ ਸਾਹਿਬ ਜੀ ਕਿਲਾ ਛੱਡ ਦੇਣ ਤਾਂ ਉਨ੍ਹਾਂ ‘ਤੇ ਹਮਲਾ ਨਹੀਂ ਕੀਤਾ ਜਾਵੇਗਾ।
ਇਸ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨਾਲ ਸਲਾਹ-ਮਸ਼ਵਰਾ ਕਰ ਕੇ ਪਹਾੜੀ ਰਾਜਿਆਂ ਦੇ ਕੌਲ-ਕਰਾਰ ‘ਤੇ ਯਕੀਨ ਕਰਕੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦਾ ਫੈਸਲਾ ਲਿਆ ਪਰ ਇਸ ਮਗਰੋਂ ਗੁਰੂ ਸਾਹਿਬ ਦਾ ਕਾਫਲਾ ਅਜੇ ਕੀਰਤਪੁਰ ਵੀ ਨਹੀਂ ਸੀ ਪੁੱਜਾ ਕਿ ਦੁਸ਼ਮਣ ਫੌਜਾਂ ਤਮਾਮ ਕਸਮਾਂ ਨੂੰ ਤੋੜ ਕੇ ਲੜਾਈ ਲਈ ਆ ਗਈਆਂ। ਸਿਰਸਾ ਨਦੀ ਨੂੰ ਪਾਰ ਕਰਨ ਲੱਗਿਆਂ ਵਡਮੁੱਲਾ ਸਾਹਿਤ, ਕੀਮਤੀ ਸਾਮਾਨ ਅਤੇ ਜਾਨ ਤੋਂ ਪਿਆਰੇ ਸਿੰਘ ਸੂਰਮੇ ਸਿਰਸਾ ਦੀ ਭੇਟ ਹੋ ਗਏ। ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਵੀ ਗੁਰੂ ਸਾਹਿਬ ਜੀ ਤੋਂ ਵਿਛੜ ਗਏ।