chote sahibzade zorawar singh and fateh singh: ਗੁਰੂ ਜੀ ਦੇ ਕਿਲਾ ਛੱਡ ਕੇ ਜਾਣ ‘ਤੇ ਦੁਸ਼ਮਣਾਂ ਨੇ ਸਾਰੀਆਂ ਕਸਮਾਂ ਤੋੜ ਕੇ ਗੁਰੂ ਜੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।ਇਹ ਧਰਮ-ਹੀਣ ਰਾਜ ਸੱਤਾ ਦਾ ਨੰਗਾ-ਨਾਚ ਸੀ।ਸਰਸਾ ਨਦੀ ਕੰਢੇ ਗੁਰੂ ਜੀ ਤੋਂ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਵਿਛੜ ਗਏ।ਇਥੇ ਪਰਿਵਾਰ ਵਿਛੋੜਾ ਪਿਆ।ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ।ਇਹ ਉਨਾਂ੍ਹ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ।ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ।ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ।ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਸੂਬਾ ਸਰਹੰਦ ਦੇ ਹਵਾਲੇ ਕਰ ਦਿੱਤਾ।ਇਸ ਤਰ੍ਹਾਂ ਉਹ ਬੇਵਫਾ, ਬੇਈਮਾਨ ਹੋ ਨਿਬੜਿਆ।ਇਕ ਵਿਸ਼ਵਾਸਪਾਤਰ ਵਿਅਕਤੀ ਵਲੋਂ ਇਸ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਇਸ ਦੁਖਾਂਤ ਨੂੰ ਹੋਰ ਗਹਿਰਾ ਅਤੇ ਦੁਖਦਾਇਕ ਬਣਾ ਦਿੰਦਾ ਹੈ।ਉਸ ਰਾਤ ਉਨਾਂ੍ਹ ਨੂੰ ਸਰਹਿੰਦ ਕਿਲ੍ਹੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ।ਪੋਹ ਦੀ ਠੰਡੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ।ਇਸ ਤੋਂ ਕਠਿਨ ਇਮਤਿਹਾਨ ਸ਼ਾਇਦ ਹੀ ਕਿਸੇ ਨੂੰ ਦੁਨੀਆ ‘ਚ ਝੱਲਣਾ ਪਿਆ ਹੋਵੇ।ਰਾਜ ਦੇ ਸਹਿਮ ਅਤੇ ਸਖਤੀ ਦੇ
ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜ਼ੋਖਮ ਉਠਾ ਕੇ ਇਨ੍ਹਾਂ ਨਿਰਭੈ ਅਤੇ ਨਿਰਵੈਰ ਸੂਰਬੀਰਾਂ ਦੀ ਦੁੱਧ-ਪਾਣੀ ਨਾਲ ਸੇਵਾ ਕੀਤੀ।ਜਿਸ ਦੇ ਨਤੀਜੇ ਵਜੋਂ ਬਾਅਦ ‘ਚ ਮੋਤੀ ਰਾਮ ਨੂੰ ਸਮੇਤ ਪਰਿਵਾਰ ਸ਼ਾਹੀ ਹੁਕਮ ਅਨੁਸਾਰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ।ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹੰਦ ਦੀ ਕਚਹਿਰੀ ‘ਚ ਪੇਸ਼ ਕੀਤਾ ਗਿਆ।ਕਚਹਿਰੀ ਵਿੱਚ ਰੱਖਿਆਂ ਬੱਚਿਆਂ ਨੂੰ ਦੀਨ-ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ -ਧਮਕਾਉਣ ਦੇ ਯਤਨ ਕੀਤੇ ਗਏ।ਉਨਾਂ੍ਹ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿਥੇ ਜਾਉਗੇ।ਬੱਚਿਆਂ ਨੇ ਸੂਬਾ ਸਰਹੰਦ ਨੂੰ ਦਲੇਰੀ ਨਾਲ ਜਵਾਬ ਦਿੱਤਾ।ਵਜ਼ੀਰ ਖਾਨ ਨੇ ਕਾਜ਼ੀ ਦੀ ਸਲਾਹ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ।ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ।ਵਜ਼ੀਰ ਖਾਨ ਵੀ ਕਿਸੇ ਹੱਦ ਤੱਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ ‘ਤੇ ਲਗਾਉਣ ਤੋਂ ਬੱਚ ਰਿਹਾ ਸੀ।ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ।ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖਾਂ ਨੇ ਕਿਹਾ ਮੇਰਾ ਭਰਾ ਜੰਗ ‘ਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ।
ਬਦਲਾ ਲੇਨਾ ਹੋਗਾ ਤੋ ਲੇਂਗੇ ਬਾਪ ਸੇ
ਮਹਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖਾਂ ਦੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਵਜ਼ੀਰ ਖਾਂ ਦੇ ਮਨ ‘ਚ ਦਇਆ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਚਾਹੁੰਦਾ ਸੀ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ।ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਪ੍ਰਸ਼ਨ ਪੁੱਛੇ ਜਿਨ੍ਹਾਂ ਦੇ ਉੱਤਰ ਤੋਂ ਉਨ੍ਹਾਂ ਨੂੰ ਬਾਗੀ ਕੀਤਾ ਜਾਵੇ।ਸਾਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤੇ ”ਹਮਰੇ ਬੰਸ ਰੀਤਿ ਇਮ ਆਈ, ਸੀਸ ਦੇਤਿ ਪਰ ਧਰਮ ਨ ਜਾਈ॥” ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਨ੍ਹਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ।ਕਿਉਂਕਿ ਇਹ ਬਾਗੀ ਪਿਤਾ ਦੇ ਬਾਗੀ ਪੁੱਤਰ ਹਨ ਅਤੇ ਵੱਡੇ ਹੋ ਕੇ ਮੁਗਲ ਸਲਤਨਤ ਲਈ ਖਤਰਾ ਬਣ ਸਕਦੇ ਹਨ।ਸੁੱਚੇ ਨੰਦ ਦੀਆਂ ਉਕਸਾਊ ਦਲੀਲਾਂ ਸੁਣ ਵਜ਼ੀਰ ਖਾਂ ਨੇ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ।ਕਾਜ਼ੀ ਤੋਂ ਫਿਰ ਪੁੱਛਿਆ।ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਤੋਂ ਉਲਟ ਦੋਹਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤੇ ਜਾਣ ਦਾ ਫਤਵਾ ਦਿੱਤਾ।ਬੱਚਿਆਂ ਨੂੰ ਕੰਧਾਂ ਵਿੱਚ ਚਿਣਿਆ ਗਿਆ।ਕੰਧ ਜਦੋਂ ਮੋਢਿਆ ਤੱਕ ਆਈ ਤਾਂ ਬੱਚੇ ਡਿੱਗ ਗਏ ਸੀ।ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਬੇਹੋਸ਼ ਹੋ ਗਏ।ਦੁਨੀਆ ਦੀ ਇਸ ਅਜੀਮ, ਵਿਲੱਖਣ, ਦਿਲ-ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆ ਨੂੰ ਅਸਚਰਜਤਾ ਵਿੱਚ ਪਾ ਦਿੱਤਾ।ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਸਿੱਖ ਕੌਮ ਦਾ ਸੀਸ ਉੱਚਾ ਕਰ ਦਿੱਤਾ।
Khalsa Aid ਨੇ ਸ਼ਹੀਦੀ ਜੋੜ ਮੇਲ ‘ਤੇ ਵੀ ਗੱਡਿਆ ਝੰਡਾ, ਸੇਵਾ ਦੇਖ ਕੇ ਹਰ ਕੋਈ ਕਰ ਰਿਹਾ ਵਾਹ-ਵਾਹ