Delhi Bangla Sahib Gurudwara to offer: ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰਾ ਨੇ ਹਮੇਸ਼ਾਂ ਮਨੁੱਖਤਾ ਦੀ ਮਿਸਾਲ ਦਿੱਤੀ ਹੈ । ਪ੍ਰਦਰਸ਼ਨ ਜਾਂ ਮਹਾਂਮਾਰੀ ਗੁਰੂਦੁਆਰਾ ਕਮੇਟੀ ਨੇ ਹਮੇਸ਼ਾਂ ਹੀ ਅੱਗੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਹਰ ਕੋਸ਼ਿਸ਼ ਕੀਤੀ ਹੈ । ਸਭ ਤੋਂ ਪਹਿਲਾਂ ਇੱਥੇ ‘ਲੰਗਰ ਆਨ ਵ੍ਹੀਲਜ਼’ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਮੇਟੀ ਨੇ ਆਪਣੇ ਅਹਾਤੇ ਵਿੱਚ ਸਸਤੀਆਂ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਸੀ। ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਦੇਸ਼ ਦੀ ਸਭ ਤੋਂ ਸਸਤੀ ਡਾਇਗਨੌਸਟਿਕ ਦੀ ਸਹੂਲਤ ਵੀ ਮਿਲੇਗੀ।
ਦਰਅਸਲ, ਲੋਕਾਂ ਨੂੰ ਇਹ ਸਹੂਲਤ ਦਸੰਬਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਅਨੁਸਾਰ, ਇੱਥੇ ਇੱਕ MRI ਸਿਰਫ 50 ਰੁਪਏ ਵਿੱਚ ਹੋਵੇਗੀ। ਜ਼ਰੂਰਤਮੰਦ ਲੋਕਾਂ ਲਈ Magnetic Resonance Imaging (MRI) ਦੀਆਂ ਸੇਵਾਵਾਂ ਸਿਰਫ 50 ਰੁਪਏ ਵਿੱਚ ਉਪਲਬਧ ਹੋਣਗੀਆਂ, ਜਦੋਂਕਿ MRI ਸਕੈਨ ਲਈ ਹੋਰਾਂ ਲਈ ਕੀਮਤ 800 ਰੁਪਏ ਹੋਵੇਗੀ। ਘੱਟ ਆਮਦਨੀ ਸਮੂਹ ਦੇ ਲੋਕ X-Ray ਅਤੇ ਅਲਟਰਾਸਾਉਂਡ 150 ਰੁਪਏ ਵਿੱਚ ਕਰਵਾ ਸਕਣਗੇ।
ਇਨ੍ਹਾਂ ਸਭ ਤੋਂ ਇਲਾਵਾ ਗੁਰਦੁਆਰਾ ਕੈਂਪਸ ਦੇ ਗੁਰੂ ਹਰਕਿਸ਼ਨ ਹਸਪਤਾਲ ਵਿੱਚ ਇੱਕ ਡਾਇਲਸਿਸ ਸੈਂਟਰ ਵੀ ਸਥਾਪਿਤ ਕੀਤਾ ਜਾ ਰਿਹਾ ਹੈ। ਇਹ ਸਹੂਲਤ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਵੇਗੀ। DSGMC ਦੇ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਡਾਇਲਸਿਸ ਪ੍ਰਕਿਰਿਆ ਵਿੱਚ ਸਿਰਫ 600 ਰੁਪਏ ਤੱਕ ਦਾ ਖਰਚ ਆਵੇਗਾ।
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਨੂੰ 6 ਕਰੋੜ ਰੁਪਏ ਦੀਆਂ ਡਾਇਗਨੌਸਟਿਕ ਮਸ਼ੀਨਾਂ ਦਾਨ ਕੀਤੀਆਂ ਗਈਆਂ ਹਨ। ਜਿਸ ਵਿੱਚ ਡਾਇਲਾਸਿਸ ਲਈ ਚਾਰ ਮਸ਼ੀਨਾਂ, ਅਤੇ ਅਲਟਰਾਸਾਉਂਡ, X-Ray ਅਤੇ MRI ਲਈ ਇੱਕ-ਇੱਕ ਮਸ਼ੀਨ ਸ਼ਾਮਿਲ ਹੈ। ਦੇਸ਼ ਵਿਚ ਸਿਹਤ ਸੇਵਾਵਾਂ ਬਹੁਤ ਮਹਿੰਗੀਆਂ ਹਨ, ਇਸ ਲਈ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜਰੂਰਤਮੰਦ ਲੋਕਾਂ ਲਈ ਬਹੁਤ ਹੀ ਸ਼ਲਾਘਾਯੋਗ ਅਤੇ ਮਦਦਗਾਰ ਹੋਵੇਗਾ।