fights off shri guru gobind singh ji: ਉਨ੍ਹਾਂ ਨੇ ਆਪ ਪਹਿਲਾਂ ਕਿਸੇ ਉੱਤੇ ਹਮਲਾ ਨਹੀਂ ਕੀਤਾ। ਉਹ ਹਥਿਆਰ ਉਸੇ ਵੇਲੇ ਚੁੱਕਦੇ ਸਨ ਜਦੋਂ ਉਨ੍ਹਾਂ ਉੱਤੇ ਹਮਲਾ ਹੁੰਦਾ ਸੀ ਅਤੇ ਹਥਿਆਰ ਚੁੱਕਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ ਹੁੰਦਾ।
ਵਿਰੋਧੀਆਂ ਨੂੰ ਹਰਾਉਣ ਮਗਰੋਂ ਸਿੰਘਾਂ ਵੱਲੋਂ ਕਿਸੇ ਨੂੰ ਵੀ ਧਰਮ-ਪਰਿਵਰਤਨ ਲਈ ਨਹੀਂ ਸੀ ਕਿਹਾ ਜਾਂਦਾ ਜਦ ਕਿ ਲੰਮੇ ਸਮੇਂ ਤੋਂ ਇਹ ਰਵਾਇਤ ਚੱਲੀ ਆ ਰਹੀ ਸੀ ਕਿ ਜੰਗ ਵਿੱਚ ਹਾਰੇ ਹੋਏ ਲੋਕਾਂ ਦਾ ਜਬਰੀ ਧਰਮ-ਪਰਿਵਰਤਨ ਕੀਤਾ ਜਾਂਦਾ ਸੀ।
ਸਿੰਘਾਂ ਵੱਲੋਂ ਕਿਸੇ ਵੀ ਵਿਰੋਧੀ ਨੂੰ ਕੈਦੀ ਨਹੀਂ ਸੀ ਬਣਾਇਆ ਜਾਂਦਾ।
ਸਿੰਘਾਂ ਵੱਲੋਂ ਜੰਗ ਵਿੱਚ ਮਾਰੇ ਗਏ ਵਿਰੋਧੀ ਲੜਾਕੂਆਂ ਦਾ ਉਨ੍ਹਾਂ ਦੇ ਧਰਮਾਂ ਅਨੁਸਾਰ ਸਸਕਾਰ ਕੀਤਾ ਜਾਂਦਾ ਸੀ।
ਗੁਰੂ ਸਾਹਿਬ ਦੇ ਕੁਝ ਵਾਲੰਟੀਅਰ ਸਿੰਘ ਜੰਗ ਵਿੱਚ ਜਖ਼ਮੀ ਹੋਏ ਲੋਕਾਂ, ਭਾਵੇਂ ਉਹ ਲੜਾਈ ਵਿੱਚ ਸ਼ਾਮਿਲ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ, ਦੀ ਮੱਲ੍ਹਮ ਪੱਟੀ ਕਰਦੇ ਸਨ ਅਤੇ ਉਨ੍ਹਾਂ ਨੂੰ ਪਾਣੀ ਪਿਲਾਉਂਦੇ ਸਨ।
ਇਨ੍ਹਾਂ ਯੁੱਧਾਂ ਦਾ ਇੱਕ ਹੋਰ ਅਨਿਖੜਵਾ ਪਹਿਲੂ ਇਹ ਸੀ ਕਿ ਭਾਵੇਂ ਹਰ ਵਾਰ ਸਿੰਘਾਂ ਦੀ ਗਿਣਤੀ ਹਮਲਾਵਰਾਂ ਦੇ ਮੁਕਾਬਲੇ ਵਿੱਚ ਚੋਖੀ ਘਟ ਹੁੰਦੀ ਸੀ ਪਰ ਫਿਰ ਵੀ ਮੈਦਾਨ ਸਿੰਘਾਂ ਦੇ ਹੱਥ ਰਹਿੰਦਾ ਸੀ। ਇਸ ਦਾ ਕਾਰਨ ਇਹ ਸੀ ਕਿ ਸਿੰਘ ਇਸ ਵੱਡੇ ਮਨੋਰਥ ਨਾਲ ਸ਼ਰਸ਼ਾਰ ਹੁੰਦੇ ਸਨ ਕਿ ਉਹ ਜ਼ਿੰਦਗੀ ਅਤੇ ਸਮਾਜ ਲਈ ਇੱਕ ਆਜ਼ਾਦ ਅਤੇ ਊਚ-ਨੀਚ ਮੁਕਤ ਆਦਰਸ਼ਕ ਫਿਜ਼ਾ ਸਿਰਜ ਰਹੇ ਹਨ, ਜਦ ਕਿ ਉਨ੍ਹਾਂ ਦੇ ਵਿਰੋਧੀਆਂ ਦੀ ਭਾਰੀ ਗਿਣਤੀ ਤਨਖ਼ਾਹ ਦੇ ਲਾਲਚ ਵਾਲੀ ਹੁੰਦੀ ਸੀ।
ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਯੁੱਧ ਦੇਸ਼ ਦੀ ਏਕਤਾ ਜਾਂ ਦੇਸ਼ ਦੀ ਆਜ਼ਾਦੀ ਲਈ ਲੜੇ ਸਨ। ਇਥੇ ਇਹ ਗੱਲ ਧਿਆਨ ਯੋਗ ਹੈ ਕਿ ਹਰ ਵਾਰ ਹਮਲਾ ਗੁਰੂ ਸਾਹਿਬ ਵਿਰੁੱਧ ਕੀਤਾ ਗਿਆ। ਹਮਲਾ ਕਰਨ ਵਾਲੀਆਂ ਦੋ ਧਿਰਾਂ ਸਨ ਜਿਨ੍ਹਾਂ ਨੇ ਅਲੱਗ ਅਲੱਗ ਤੌਰ ਤੇ ਵੀ ਹਮਲੇ ਕੀਤੇ ਅਤੇ ਮਿਲ ਕੇ ਵੀ। ਇੱਕ ਧਿਰ ਪਹਾੜੀ ਹਿੰਦੂ ਰਾਜਿਆਂ ਦੀ ਸੀ ਜਿਨ੍ਹਾਂ ਦਾ ਪੰਜਾਬ ਨਾਲ ਲਗਦੇ ਪਰਬਤੀ ਇਲਾਕਿਆਂ ਉੱਤੇ ਰਾਜ ਸੀ। ਦੂਜੀ ਧਿਰ ਮੁਗ਼ਲ ਹਕੂਮਤ ਦੀ ਸੀ ਜਿਸ ਦੇ ਰਾਜ ਵਿੱਚ ਹਿੰਦੁਸਤਾਨ ਦਾ ਬਹੁਤਾ ਵੱਡਾ ਭਾਗ ਸ਼ਾਮਿਲ ਸੀ। ਇਸ ਸੰਦਰਭ ਵਿੱਚ ਜੇਕਰ ਆਖਿਆ ਜਾਏ ਕਿ ਗੁਰੂ ਸਾਹਿਬ ਨੇ ਇਹ ਯੁੱਧ ਹਿੰਦੁਸਤਾਨ ਦੀ ਆਜ਼ਾਦੀ ਲਈ ਲੜੈ ਤਾਂ ਪਹਿਲਾਂ ਇਹ ਸਵੀਕਾਰ ਕਰਨਾ ਜ਼ਰੂਰੀ ਹੋਵੇਗਾ ਕਿ ਪਹਾੜੀ ਰਾਜਿਆਂ ਅਤੇ ਮੁਗ਼ਲ ਬਾਦਸ਼ਾਹਾਂ ਦੋਹਾਂ ਨੇ ਇਸ ਮੁਲਕ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਜੇਕਰ ਇਹ ਮੰਨਿਆਂ ਜਾਏ ਕਿ ਇਹ ਯੁੱਧ ਇਸ ਮੁਲਕ ਨੂੰ ਇੱਕਠਾ ਕਰਨ ਲਈ ਲੜੇ ਸਨ ਤਾਂ ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਉਨ੍ਹਾਂ ਦੇ ਵਿਰੋਧੀ ਦੇਸ਼ ਦੀ ਏਕਤਾ ਦੇ ਹਾਮੀ ਨਹੀਂ ਸਨ। ਇਸ ਤਰ੍ਹਾਂ ਇਹ ਦੋਨੋਂ ਵਿਚਾਰ ਠੀਕ ਨਹੀਂ ਹਨ।
ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਦੇ ਯੁੱਧ ਕਿਸੇ ਧਰਮ ਜਾਂ ਫ਼ਿਰਕੇ ਦੇ ਵਿਰੁੱਧ ਨਹੀਂ ਸਨ। ਉਨ੍ਹਾਂ ਦੀ ਫੌਜ ਵਿੱਚ ਸਿੰਘਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਵੀ ਹੁੰਦੇ ਸਨ ਜਿਵੇਂ ਕਿ ਉੱਤੇ ਦੱਸਿਆ ਗਿਆ ਹੈ ਕਿ ਇਹ ਜੰਗ ਉਸ ਵੇਲੇ ਦੇ ਹਿੰਦੂ ਅਤੇ ਮੁਸਲਮਾਨ ਹਾਕਮਾਂ ਵੱਲੋਂ ਸ਼ੁਰੂ ਕੀਤੇ ਗਏ ਕਿਉਂਕਿ ਉਹ ਖਾਲਸਾ ਪੰਥ ਦੀ ਦਿਨੋ ਦਿਨ ਹੋ ਰਹੀ ਚੜ੍ਹਤ ਨੂੰ ਆਪਣੀਆਂ ਹਕੂਮਤਾਂ ਲਈ ਖਤਰਾ ਸਮਝਦੇ ਸਨ।
ਇਨ੍ਹਾਂ ਯੁੱਧਾਂ ‘ਚੋ ਇਹ ਗੱਲ ਸਪਸ਼ਟ ਹੈ ਕਿ ਗੁਰੂ ਸਾਹਿਬ ਲਈ ਸਿਧਾਂਤ ਅਤੇ ਅਭਿਆਸ ਵਿੱਚ ਕੋਈ ਅੰਤਰ ਨਹੀਂ ਸੀ। ਚਮਕੌਰ ਦੀ ਕੱਚੀ ਗੜ੍ਹੀ ਵਿੱਚ ਕੇਵਲ ਚਾਲੀ ਸਿੰਘਾਂ ਨਾਲ ਬੇਸ਼ੁਮਾਰ ਗਿਣਤੀ ਵਿੱਚ ਆਏ ਹਮਲਾਵਰਾਂ ਦਾ ਟਾਕਰਾ ਕਰਨਾ ਨਾ ਕੇਵਲ ਬੇਮਿਸਾਲ ਬਹਾਦਰੀ, ਦਲੇਰੀ ਅਤੇ ਨਿਰਭੈਤਾ ਦੀ ਇੱਕ ਬੇਜੋੜ ਉਦਾਹਰਣ ਹੈ, ਸਗੋਂ ਇਹ ਉਨ੍ਹਾਂ ਦੁਆਰਾ ਸਿਧਾਂਤ ਅਤੇ ਅਭਿਆਸ ਨੂੰ ਇੱਕ ਮੰਨਣ ਦਾ ਇੱਕ ਰੋਸ਼ਨ ਦ੍ਰਿਸਟਾਂਤ ਵੀ ਹੈ। ਸੰਸਾਰ ਦੇ ਇਤਿਹਾਸ ਅਤੇ ਮਿਥਿਹਾਸ ਵਿੱਚ ਕਿਤੇ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ ਜਿਥੇ ਕਿਸੇ ਨੇ ਆਪਣੇ ਪੁੱਤਰਾਂ ਨੂੰ ਆਪਣੇ ਹੱਥੀ ਹਥਿਆਰ ਦੇ ਕੇ ਵਿਸ਼ਾਲ ਫ਼ੌਜ ਨਾਲ ਲੜਨ ਭੇਜਿਆ ਹੋਵੇ ਜਦੋਂ ਇਹ ਪਤਾ ਹੋਵੇ ਕਿ ਯੁੱਧ ਵਿੱਚ ਸ਼ਹੀਦੀ ਪਾਉਣਾ ਯਕੀਨੀ ਹੈ।