ਅੱਜ ਜਿਥੇ ਮਨੁੱਖ ਧਰਮਾਂ ਤੇ ਜਾਤੀਆਂ ਦੇ ਨਾਂ ‘ਤੇ ਲੜ ਰਿਹਾ ਹੈ, ਆਪਣੇ ਧਰਮ ਨੂੰ ਵੱਡਾ ਦਿਖਾਉਣ ਲਈ ਸਭ ਕੁਝ ਕਰਨ ਲਈ ਤਿਆਰ ਹੈ, ਉਥੇ ਸਿੱਖ ਧਰਮ ਦੀ ਬੁਨਿਆਦੀ ਧਾਰਣਾ ਹੀ ਇਹ ਹੈ ਕਿ ਪ੍ਰਮਾਤਮਾ ਇੱਕ ਹੈ। ਇਸ ਦਾ ਜ਼ਿਕਰ ਸਬੂਤ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦਾ ਹੈ, ਜਿਸ ਵਿੱਚ ਕਈ ਹਿੰਦੂ, ਮੁਸਲਿਮ, ਸੂਫੀ ਫਕੀਰਾਂ ਤੇ ਭਗਤਾਂ ਦੀਆਂ ਬਾਣੀਆਂ ਦਰਜ ਹਨ, ਜੋ ਸਾਨੂੰ ਇਹ ਸੰਦੇਸ਼ ਦਿੰਦੀਆਂ ਹਨ ਕਿ ਅਸੀਂ ਇੱਕ ਅਕਾਲ ਪੁਰਖ ਦੇ ਬੱਚੇ ਹਾਂ।
ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਜਪੁਜੀ ਸਾਹਿਬ ਵਿੱਚ ਸਭ ਤੋਂ ਪਹਿਲਾਂ ਮੂਲ ਮੰਤਰ ਵਿੱਚ ਵੀ ਪ੍ਰਮਾਤਮਾ ਦੇ ਇੱਕ ਹੋਣ ਦਾ ਸੰਦੇਸ਼ ਦਿੱਤਾ ਹੈ-
ੴ-ਇੱਕ ਓਮ ਹੈ (ਈਸ਼ਵਰ ਇਕ ਹੀ ਹੈ)
ਸਤਿਨਾਮ-ਉਸਦਾ ਨਾਮ ਸੱਚਾ ਹੈ
ਕਰਤਾ ਪੁਰਖੁ-ਓਹੀਓ ਸਬ ਕੁਝ ਕਰਨ ਵਾਲਾ, ਸਬਣਾ ਨੂੰ ਬਣਾਉਣ ਵਾਲਾ ਓਹੀਓ ਹੈ
ਨਿਰਭਉ-ਉਸਨੂੰ ਕਿਸੇ ਦਾ ਕੋਈ ਡਰ ਨੀ, ਉਹ ਸਬ ਡਰ ਤੋਂ ਪਰੇ ਹੈ
ਨਿਰਵੈਰੁ-ਉਸਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਉਹ ਸਬ ਵੈਰਾਂ ਤੋਂ ਪਰੇ ਹੈ
ਅਕਾਲ ਮੂਰਤਿ-ਓਹੀਓ ਨਿਰਾਕਾਰ ਹੈ, ਅਕਾਲ ਹੈ, ਸਮੇਂ ਦਾ ਉਸਤੇ ਕੋਈ ਪ੍ਰਭਾਵ ਨਹੀਂ
ਅਜੂਨੀ ਸੈਭੰ- ਉਸਦਾ ਨਾ ਜਨਮ ਹੈ ਤੇ ਨਾ ਹੀ ਮਰਨ ਹੈ, ਉਹ ਆਪੇ ਹੀ ਪ੍ਰਕਾਸ਼ਿਤ ਹੈ , ਉਸਨੂੰ ਰਚਣ ਵਾਲਾ ਕੋਈ ਨਹੀਂ
ਗੁਰ ਪ੍ਰਸਾਦਿ- ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ।
ਜੇਕਰ ਅਸੀਂ ਅਕਾਲ ਪੁਰਖ ਦੀ ਸੰਤਾਨ ਹਾਂ ਤਾਂ ਉਹ ਸਾਡਾ ਪਿਤਾ ਹੈ ਇਸ ਹਿਸਾਬ ਨਾਲ ਤਾਂ ਅਸੀਂ ਸਾਰੇ ਆਪਸ ਵਿੱਚ ਭਰਾ-ਭਰਾ ਲੱਗੇ। ਕਿਹਾ ਵੀ ਜਾਂਦਾ ਹੈ-
‘ਹਿੰਦੂ ਮੁਸਲਿਮ ਸਿੱਖ ਇਸਾਈ, ਆਪਸ ਮੇਂ ਸਭ ਭਾਈ-ਭਾਈ’
ਇਹ ਸਤਰ ਸਭ ਧਰਮਾਂ ਤੋਂ ਉਪਰ ਉੱਠਣ ਦਾ ਸੰਦੇਸ਼ ਦਿੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਵਿੱਚ ਸਾਰੇ ਭਗਤਾਂ, ਫਕੀਰਾਂ ਨੇ ਕਿਸੇ ਧਰਮ ਦਾ ਬਖਾਨ ਨਹੀਂ ਕੀਤਾ, ਸਗੋਂ ਇਸੇ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਅਸੀਂ ਸਭ ਉਸ ਪ੍ਰਮਾਤਮਾ ਦੇ ਹੀ ਬੰਦੇ ਹਾਂ-
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥
ਅਰਥ- ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ ਜਗਤ ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ।1।
ਇਹ ਵੀ ਪੜ੍ਹੋ : ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥
ਸਿੱਖੀ ਕਿਸੇ ਧਰਮ ਦਾ ਨਾਂ ਨਹੀਂ, ਸਗੋਂ ਇਹ ਤਾਂ ਸਾਨੂੰ ਜ਼ਿੰਦਗੀ ਜਿਊਣ ਦਾ ਤਰੀਕਾ ਸਿਖਾਉਂਦੀ ਹੈ। ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਇਸ ਗੱਲ ਦਾ ਸਬੂਤ ਹੈ ਜਿਨ੍ਹਾਂ ਨੇ ਕਿਸੇ ਧਰਮ ਦੇ ਨਾਂ ‘ਤੇ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਭਲੇ ਲਈ ਆਪਣੀ ਜ਼ਿੰਦਗੀ ਤਾਂ ਕੀ ਸਗੋਂ ਸਰਬੰਸ ਵਾਰ ਦਿੱਤਾ।