Guru Gobind Singh’s honoring: ਮਾਤਾ ਸਾਹਿਬ ਕੌਰ ਜੀ ਦਾ ਜਨਮ 18 ਕੱਤਕ ਸੰਮਤ 1738 ਅਰਥਾਤ ਨਵੰਬਰ 1681 ਈਸਵੀ ਨੂੰ ਭਾਈ ਰਾਮੂ ਜੀ ਦੇ ਘਰ ਮਾਤਾ ਜਸਦੇਈ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਪਿਆਂ ਨੇ ਪਹਿਲਾ ਨਾਂ ਸਾਹਿਬ ਦੇਵਾਂ ਰੱਖਿਆ। ਰੋਹਤਾਸ ਨਗਰ ਦੀ ਧਰਤੀ ਮਹਿਕ ਪਈ, ਦਿਬ ਸ਼ਕਤੀ ਵਾਲੀ ਅਬੋਧ ਕੰਨਿਆ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਭਾਈ ਰਾਮੂ ਜੀ ਨੂੰ ਪੁੱਤਰਾਂ ਵਾਂਗ ਵਧਾਈਆਂ ਦਿੱਤੀਆਂ ਗਈਆਂ। ਕੁਝ ਸਮਾਂ ਪਾ ਕੇ ਭਾਈ ਰਾਮੂ ਜੀ ਦੇ ਘਰ ਇੱਕ ਪੁੱਤਰ ਨੇ ਵੀ ਜਨਮ ਲਿਆ, ਜਿਸ ਦਾ ਨਾਂ ਸਾਹਿਬ ਚੰਦ ਰੱਖਿਆ ਗਿਆ। ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ। ਇਹ ਸਾਰਾ ਪਰਿਵਾਰ 1700 ਈ: ਵਿਚ ਕਲਗੀਧਰ ਜੀ ਦੇ ਦਰਸਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਪੁੱਜਿਆ। ਸਭ ਤੋਂ ਪਹਿਲਾਂ ਮਾਤਾ ਸਾਹਿਬ ਦੇਵਾਂ ਜੀ ਨੇ ਆਪਣੇ ਮਾਤਾ-ਪਿਤਾ ਤੇ ਭਰਾ ਨਾਲ ਸਤਿਗੁਰੂ ਜੀ ਤੋਂ ਖੰਡੇ ਦੀ ਪਹੁਲ ਪ੍ਰਾਪਤ ਕੀਤੀ। ਕੁਝ ਦਿਨ ਅਨੰਦਪੁਰ ਸਾਹਿਬ ਵਿਖੇ ਠਹਿਰਨ ਪਿੱਛੋਂ ਭਾਈ ਰਾਮੂ ਜੀ (ਅੰਮ੍ਰਿਤ ਛਕਣ ਉਪਰੰਤ ਰੱਖਿਆ ਨਾਮ ਭਾਈ ਰਾਵ ਸਿੰਘ ਜੀ) ਨੇ ਗੁਰੂ ਜੀ ਅੱਗੇ ਆਪਣੀ ਸਪੁੱਤਰੀ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਪਹਿਲਾਂ ਹੀ ਸ਼ਾਦੀਸੁਦਾ ਅਤੇ ਚਾਰ ਸਾਹਿਬਜ਼ਾਦਿਆਂ ਦਾ ਪਿਤਾ ਹੋਣ ਦੇ ਨਾਤੇ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਦਾ ਰਿਸ਼ਤਾ ਸਵੀਕਾਰ ਕਰਨ ਤੋਂ ਨਾ ਕਰ ਦਿੱਤੀ। ਭਾਈ ਰਾਵ ਸਿੰਘ ਜੀ ਨੇ ਬੇਨਤੀ ਕੀਤੀ ਕਿ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ) ਪਹਿਲਾਂ ਹੀ ਸੰਕਲਪ ਕਰ ਚੁੱਕੀ ਹੈ ਕਿ ਉਹ ਕੇਵਲ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਸ਼ਾਦੀ ਕਰਨਗੇ ਹੋਰ ਕਿਸੇ ਨਾਲ ਨਹੀਂ। ਲੜਕੀ ਦੀ ਇੱਛਾ ਮੁਤਾਬਕ ਅਸੀਂ ਸਾਰਾ ਪਰਿਵਾਰ ਵੀ ਆਪਣੀ ਸਪੁੱਤਰੀ ਦਾ ਡੋਲ਼ਾ ਮਨ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਅਰਪਨ ਕਰ ਚੁੱਕੇ ਹਾਂ।
ਸਾਡੇ ਸਾਰੇ ਪਰਿਵਾਰ ਦੇ ਸੰਕਲਪ ਪਿੱਛੋਂ ਸੰਗਤ ਵੀ ਇਸ ਨੂੰ ਮਾਤਾ ਜੀ ਕਹਿ ਕੇ ਬੁਲਾਉਂਦੇ ਹਨ। ਇਸ ਲਈ ਹੁਣ ਤੁਸੀ ਬੇਸ਼ੱਕ ਇਸ ਨੂੰ ਆਪਣੇ ਮਹਿਲ ਬਣਾ ਕੇ ਰੱਖੋ ਚਾਹੇ ਆਪਣੀ ਦਾਸੀ ਬਣਾ ਕੇ ਰੱਖੋ। ਆਪਣੇ ਮਨ ਵਿੱਚ ਧਾਰੇ ਸੰਕਲਪ ਉਪਰੰਤ ਮੈਂ ਇਸ ਦਾ ਡੋਲ਼ਾ ਕਿਸੇ ਹੋਰ ਥਾਂ ਨਹੀਂ ਭੇਜ ਸਕਦਾ ਅਤੇ ਨਾ ਹੀ ਇਹ ਲੜਕੀ ਹੁਣ ਹੋਰ ਕਿਧਰੇ ਜਾਣ ਲਈ ਤਿਆਰ ਹੈ। ਸਾਰੇ ਪਰਿਵਾਰ ਅਤੇ ਸੰਗਤ ਦੀ ਬੇਨਤੀ ਮੰਨਦੇ ਹੋਏ ਗੁਰੂ ਸਾਹਿਬ ਜੀ ਨੇ ਕਿਹਾ ਕਿ ਇਕ ਸ਼ਰਤ ’ਤੇ ਵਿਆਹ ਹੋ ਸਕਦਾ ਹੈ ਕਿ ਇਸ ਨਾਲ ਗ੍ਰਹਿਸਤੀ ਜੀਵਨ ਵਾਲੇ ਸਬੰਧ ਨਹੀਂ ਰੱਖੇ ਜਾਣਗੇ ਸਿਰਫ਼ ਕੁਆਰੇ ਡੋਲ਼ੇ ਦੇ ਤੌਰ ’ਤੇ ਹੀ ਸਾਡੇ ਨਾਲ ਰਹਿ ਸਕਦੀ ਹੈ। ਸ਼ਰਤ ਅਧੀਨ ਵਿਆਹ ਬਾਰੇ ਗੁਰੂ ਜੀ ਵੱਲੋਂ ਭਾਈ ਰਾਮੂ ਜੀ (ਭਾਈ ਰਾਵ ਸਿੰਘ), ਮਾਤਾ ਜਸਦੇਈ (ਜਸਦੇਵ ਕੌਰ), ਮਾਤਾ ਸਾਹਿਬ ਦੇਵਾਂ (ਮਾਤਾ ਸਾਹਿਬ ਕੌਰ), ਸਾਹਿਬ ਚੰਦ (ਸਾਹਿਬ ਸਿੰਘ) ਅਤੇ ਸੰਗਤ ਦੀ ਬੇਨਤੀ ਪ੍ਰਵਾਨ ਹੋਣ ਉਪਰੰਤ ਸਾਰੇ ਪਾਸੇ ਖੁਸੀਆਂ ਛਾ ਗਈਆਂ। ਮਾਤਾ ਸਾਹਿਬ ਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦ ਕਾਰਜ ਸ੍ਰੀ ਅਨੰਦਪੁਰ ਸਾਹਿਬ ਵਿਖੇ 18 ਵੈਸਾਖ 1757 ਬਿ:/ 19 ਅਪ੍ਰੈਲ 1700 ਈ: ਦਿਨ ਸੋਮਵਾਰ ਨੂੰ ਭਾਵ 1699 ਦੀ ਵਿਸਾਖੀ ਤੋਂ ਇੱਕ ਸਾਲ ਪਿੱਛੋਂ ਕੀਤਾ ਗਿਆ।
ਸ਼ਾਦੀ ਹੋਣ ਤੋਂ ਬਾਅਦ ਦਸਮੇਸ਼ ਪਿਤਾ ਜੀ ਦੇ ਹੁਕਮ ਅਨੁਸਾਰ ਮਾਤਾ ਸਾਹਿਬ ਕੌਰ ਜੀ ਨੇ ਸਾਰੀ ਜ਼ਿੰਦਗੀ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿਚ ਧਿਆਨ ਜੋੜ ਕੇ ਕੁਆਰੇ ਡੋਲ਼ੇ ਦੇ ਰੂਪ ਵਿਚ ਗੁਜਾਰੀ ਅਤੇ ਕਦੇ ਵੀ ਗੁਰੂ ਕੇ ਮਹਿਲ ਹੋਣ ਦਾ ਅਭਿਮਾਨ ਨਹੀਂ ਕੀਤਾ ਸੀ। ਜੇਕਰ ਮਾਤਾ ਜੀ ਦੇ ਮਨ ਵਿਚ ਇਕ ਪੁੱਤਰ ਦੀ ਇੱਛਾ ਆਈ ਤਾਂ ਜਾਣੀ-ਜਾਣ ਅੰਤਰਯਾਮੀ ਪ੍ਰੀਤਮ ਜੀ ਨੇ ਆਪਣੇ ਨਾਦੀ ਪੁੱਤਰ ਸਮੁੱਚੇ ਖ਼ਾਲਸਾ ਪੰਥ ਨੂੰ ਮਾਤਾ ਜੀ ਦੀ ਝੋਲ਼ੀ ਵਿਚ ਪਾ ਕੇ ਖ਼ਾਲਸੇ ਦੀ ਮਾਂ ਹੋਣ ਦਾ ਉੱਚਾ ਰੁਤਬਾ ਬਖ਼ਸ਼ਿਆ। ਉਸ ਦਿਨ ਤੋਂ ਅੱਜ ਤੱਕ ਅੰਮ੍ਰਿਤ ਛਕਾਉਣ ਉਪਰੰਤ ਅੰਮ੍ਰਿਤ ਅਭਿਲਾਖੀਆਂ ਨੂੰ ਸਿੱਖਿਆ ਦੇਣ ਸਮੇਂ ਪੰਜ ਪਿਆਰੇ ਇਹ ਵਚਨ ਜ਼ਰੂਰ ਕਹਿੰਦੇ ਹਨ ਕਿ ਅੱਜ ਤੋਂ ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧਾਰਮਿਕ ਮਾਤਾ ਮਾਤਾ ਸਾਹਿਬ ਕੌਰ ਜੀ, ਜਨਮ ਕੇਸਗੜ੍ਹ ਸਾਹਿਬ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ।