guru nanak dev ji: ਗੁਰੂ ਨਾਨਕ ਦੇਵ ਜੀ ਲੋੜਵੰਦਾਂ ਤੱਕ ਚੱਲਕੇ ਜਾਂਦੇ ਸਨ ਅਤੇ ਜੋਗੀਆਂ ਕੋਲ ਵੀ ਚੱਲ ਕੇ ਗਏ ਸਨ। ਸਵਾਲ ਪੈਦਾ ਹੁੰਦਾ ਹੈ ਕਿ ਜੋਗੀ ਕਿਵੇਂ ਲੋੜਵੰਦ ਸਨ? ਜੋਗੀਆਂ ਨਾਲ ਹੋਈ ਗੱਲਬਾਤ ਨਾਲ ਜੁੜੀ ਬਾਣੀ ਸਿਧ ਗੋਸਟਿ ਦੀ ਰੌਸ਼ਨੀ ‘ਚ ਸਮਝਣ ਦੀ ਕੋਸ਼ਿਸ਼ ਕਰੀਏੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਜੋਗੀ, ਆਮ ਬੰਦੇ ਨੂੰ ਧਰਮ ਨਾਲ ਜੋੜਣ ਦੀ ਥਾਂ ਆਪਣੇ ਆਪ ਨਾਲ ਜੋੜ ਰਹੇ ਸਨ। ਬਾਬਾ ਨਾਨਕ ਨੇ ਉਨ੍ਹਾਂ ਕੋਲ ਜਾ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਬੰਦਾ, ਧਰਮ ਦਾ ਬਦਲ ਨਹੀਂ ਹੋ ਸਕਦਾ। ਬਾਬਾ ਨਾਨਕ ਨੇ ਇਹ ਵੀ ਦੱਸਿਆ ਕਿ ਜੇ ਬੰਦੇ ਨੂੰ ਧਰਮ ਸਮਝਾਂਗੇ ਤਾਂ ਧਰਮ ‘ਚ ਵੀ ਸਰੀਰ ਜਿੰਨੀਆਂ ਕਮਜ਼ੋਰੀਆਂ ਸ਼ਾਮਲ ਹੋ ਜਾਣਗੀਆਂ। ਸਰੀਰ ਤਾਂ ਸਾਰੀਆਂ ਕਮਜ਼ੋਰੀਆਂ ਦੀ ਜੜ੍ਹ ਹੈ। ਧਰਮ ਤਾਂ ਸਿਧਾਂਤਕੀ ਹੈ ਅਤੇ ਸਿਧਾਂਤਕੀ ਨੂੰ ਸਰੀਰਕ ਕਮਜ਼ੋਰੀਆਂ ਵਰਗਾ ਨਹੀਂ ਮੰਨਿਆ ਜਾ ਸਕਦਾ। ਸਰੀਰ ਦੁਆਰਾ ਰਿਸ਼ਤੇ ਸਥਾਪਤ ਹੁੰਦੇ ਹਨ ਅਤੇ ਰਿਸ਼ਤਿਆਂ ‘ਚ ਮਾਂ, ਬਾਪ, ਭੈਣ, ਭਰਾ ਅਤੇ ਪਤਨੀ ਨਾਲ ਜੁੜੇ ਹੋਏ ਰਿਸ਼ਤਿਆ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਹੋ ਜਿਹੀ ਵੰਡ ਧਰਮ ਦੇ ਹਵਾਲੇ ਨਾਲ ਕਿਵੇਂ ਕੀਤੀ ਜਾ ਸਕਦੀ ਹੈ। ਸਰੀਰ ਦੀਆਂ ਕਮਜ਼ੋਰੀਆਂ ਤੋਂ ਡਰਦੇ ਜੋਗੀ ਜੰਗਲਾਂ ਵੱਲ ਨਿਕਲ ਜਾਂਦੇ ਸਨ। ਜਿਨ੍ਹਾਂ ਰਿਸ਼ਤਿਆ ਤੋਂ ਭੱਜ ਕੇ ਜੋਗੀ ਸੰਨਿਆਸੀ ਕਹਾਉਣ ਲੱਗ ਪਏ ਸਨ, ਉਨ੍ਹਾਂ ਵੱਲ ਉਨ੍ਹਾਂ ਨੂੰ ਸਰੀਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਪਰਤਣਾ ਪੈ ਰਿਹਾ ਸੀ। ਇਹੀ ਦੱਸਣ ਵਾਸਤੇ ਬਾਬਾ ਨਾਨਕ ਜੋਗੀਆਂ ਕੋਲ ਚੱਲ ਕੇ ਗਏ ਸਨ ਕਿ ਜਿਹੜੇ ਲੋਕ ਤੁਹਾਡੀਆਂ ਸਰੀਰਕ ਸਹੂਲਤਾਂ ਪੂਰੀਆਂ ਕਰ ਰਹੇ ਹਨ, ਉਨ੍ਹਾਂ ਨੂੰ ਤੁਸੀਂ ਆਪਣੀਆਂ ਕਰਾਮਾਤਾਂ ਦੁਆਰਾ ਡਰਾ ਧਮਕਾ ਕੇ ਮਗਰ ਕਿਉਂ ਲਾ ਰਹੇ ਹੋ।ਸਮਾਜ ਦੀ ਭਲਾਈ ਤਾਂ ਸਮਾਜ ‘ਚ ਰਹਿ ਕੇ ਹੀ ਕੀਤੀ ਜਾ ਸਕਦੀ ਹੈ ਅਤੇ ਸਮਾਜਿਕ ਵਰਤਾਰਿਆਂ ਵੱਲ ਪਿੱਠ ਕਰ ਲੈਣ ਵਾਲਿਆਂ ਨੂੰ ਧਾਰਮਿਕ ਕਿਵੇਂ ਕਿਹਾ ਜਾ ਸਕਦਾ ਹੈ।ਜੋਗੀਆਂ ਨੂੰ ਬਾਬਾ ਨਾਨਕ ਦੀਆਂ ਇਹੋ ਜਿਹੀਆਂ ਸੱਚੀਆਂਬਹੁਤ ਚੁਭਦੀਆਂ ਸਨ ਅਤੇ ਉਹ ਲੋਕਾਂ ਦੇ ਸਾਹਮਣੇ ਬਾਬਾ ਨਾਨਕ ਨੂੰ ਹਰਾਉਣ ਵਾਸਤੇ ਅਚਲ ਵਟਾਲੇ ‘ਚ ਇਕੱਠੇ ਹੋ ਗਏ ਸਨ।ਕਈ ਦਿਨ ਬਹਿਸ ਹੁੰਦੀ ਰਹੀ ਸੀ।
ਜੋਗੀਆਂ ਨੇ ਬਾਬਾ ਨਾਨਕ ਤੋਂ ਪੁੱਛਿਆ ਸੀ ਕਿ ਉਦਾਸੀ ਦਾ ਪਹਿਰਾਵਾ ਉਤਾਰਨਾ ਹੀ ਸੀ ਤਾਂ ਪਹਿਲਾਂ ਉਦਾਸੀ ਧਾਰਨ ਹੀ ਕਿਉਂ ਕੀਤੀ ਸੀ? ਜਵਾਬ ‘ਚ ਬਾਬਾ ਜੀ ਨੇ ਜੋਗੀਆਂ ਨੂੰ ਸਮਝਾਇਆ ਸੀ ਕਿ ਕੋਈ ਵੀ ਪਹਿਰਾਵਾ ਧਰਮ ਨਹੀਂ ਹੁੰਦਾ ਅਤੇ ਪਹਿਰਾਵੇ ਨੂੰ ਆਮ ਸ਼ਰਧਾਵਾਨ ਅਤੇ ਧਰਮ ਦੇ ਵਿਚਕਾਰ ਲਿਆਉਣਾ ਵੀ ਨਹੀਂ ਚਾਹੀਦਾ। ਇਹ ਤਾਂ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਸਥਾਪਤ ਕਰ ਦਿੱਤਾ ਹੈ ਅਤੇ ਸਿੱਖ ਧਰਮ ਦੇ ਮੋਢੀ ਗੁਰੂ ਹੋ ਗਏ ਸਨ। ਉਨ੍ਹਾਂ ਨੇ ਕਿਸੇ ਵਿਅਕਤੀ ਨੂੰ ਗੁਰੂ ਧਾਰਨ ਨਹੀਂ ਕੀਤਾ ਸੀ। ਧਰਮ ਦੇ ਖੇਤਰ ‘ਚ ਉਨ੍ਹਾਂ ਸਮਿਆਂ ‘ਚ ਗੁਰੂ ਧਾਰਨ ਕਰਨਾ ਜ਼ਰੂਰੀ ਸਮਝਿਆ ਜਾਂਦਾ ਸੀ ਅਤੇ ਜੋ ਕੋਈ ਗੁਰੂ ਧਾਰਨ ਨਹੀਂ ਕਰਦਾ ਸੀ ਉਸ ਨੂੰ ਨਿਗੁਰਾ ਕਹਿਕੇ ਨਕਾਰਿਆ ਜਾਂਦਾ ਸੀ। ਜੋਗੀਆਂ ਨੇ ਇਹ ਸਵਾਲ ਵੀ ਕੀਤਾ ਸੀ ਕਿ ਉਸ ਦਾ ਗੁਰੂ ਕੌਣ ਹੈ? ਬਾਬਾ ਨਾਨਕ ਨੇ ਦੱਸਿਆ ਸੀ ਕਿ ਉਸ ਦਾ ਗੁਰੂ, ਸ਼ਬਦ-ਗੁਰੂ ਹੈ ਕਿਉਂਕਿ ਉਹ ਦੇਹਧਾਰੀ ਗੁਰੂ ‘ਚ ਵਿਸ਼ਵਾਸ਼ ਰੱਖਣ ਵਾਲਿਆਂ ‘ਚੋਂ ਨਹੀਂ ਹਨ। ਸਿਧ ਗੋਸਟ ‘ਚ ਸ਼ਾਮਲ ਹੈ ਇਹ ਸਵਾਲ:
ਤੇਰਾ ਕਵਣੁ ਗੁਰੂ ਜਿਸ ਕਾ ਤੂ ॥
ਇਸ ਸਵਾਲ ਦਾ ਜਵਾਬ ਵੀ ਨਾਲ ਹੀ ਦਰਜ ਹੈ:
ਸਬਦੁ ਗੁਰੂ ਸੁਰਤਿ ਧੁਨਿ ਚੇਲਾ
ਇਹੀ ਤਾਂ ਬਾਬਾ ਨਾਨਕ ਜੋਗੀਆਂ ਨੂੰ ਦੱਸਣਾ ਚਾਹੁੰਦੇ ਸਨ ਕਿ ਗੁਰੂ ਤਾਂ ਓਹੀ ਹੋ ਸਕਦਾ ਹੈ, ਜੋ ਜੰਮਣ ਮਰਨ ਦੇ ਗੇੜ ਵਿਚ ਨਹੀਂ ਆਉਂਦਾ।ਕੇਵਲ ਸ਼ਬਦ ਹੀ ਹੈ ਜੋ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੈ। ਕੇਵਲ ਸ਼ਬਦ ਹੀ ਅਕਾਲ ਦਾ ਪ੍ਰਤੀਨਿਧ ਹੋ ਸਕਦਾ ਹੈ। ਇਹੋ ਜਿਹੀਆਂ ਨਵੀਆਂ ਤੇ ਸੱਚੀਆਂ ਗੱਲਾਂ ਨੇ ਜੋਗੀਆਂ ਵਾਸਤੇ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਸਨ ਕਿਉਂਕਿ ਆਮ ਬੰਦਾ ਇਸ ਨੂੰ ਸਮਝਣ ਵਾਸਤੇ ਦਿਲਚਸਪੀ ਲੈਣ ਲੱਗ ਪਿਆ ਸੀ। ਜੋਗੀਆਂ ਨੂੰ ਗੁੱਸਾ ਸੀ ਕਿ ਬਾਬਾ ਨਾਨਕ ਨੇ ਆਮ ਬੰਦੇ ਨੂੰ ਉਨ੍ਹਾਂ ਨਾਲੋਂ ਦੂਰ ਕਰ ਦਿੱਤਾ ਹੈ। ਈਰਖਾ ਵੱਸ ਹੋ ਕੇ ਸਾਰੇ ਜੋਗੀ ਬਾਬਾ ਨਾਨਕ ਨੂੰ ਹਰਾਉਣ ਵਾਸਤੇ ਇਕੱਠੇ ਹੋ ਗਏ ਸਨ। ਕੋਈ ਕਹੇ ਤੂੰ ਦੁੱਧ ‘ਚ ਕਾਂਜੀ ਪਾ ਦਿੱਤੀ ਹੈ ਅਤੇ ਇਸ ‘ਚੋਂ ਮੱਖਣ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੋਈ ਕਹੇ ਤੂੰ ਬਹੁਰੂਪੀਆ ਹੈ ਅਤੇ ਆਮ ਬੰਦੇ ਨੂੰ ਧਰਮ ਦੇ ਨਾਮ ਤੇ ਗੁੰਮਰਾਹ ਕਰ ਰਿਹਾ ਹੈ। ਸਵਾਲਾਂ ਦੇ ਨਾਲ ਨਾਲ ਕਰਾਮਾਤਾਂ ਨਾਲ ਵੀ ਬਾਬਾ ਨਾਨਕ ਨੂੰ ਡਰਾਉਣ ਅਤੇ ਭਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।ਜਦੋਂ ਬਾਬਾ ਨਾਨਕ ਨ ਡੋਲੇ ਤਾਂ ਜੋਗੀਆਂ ਨੇ ਸਮਝਿਆ ਕਿ ਕਿਧਰੇ ਇਹ ਵੱਡਾ ਕਰਾਮਾਤੀ ਨ ਹੋਵੇ ਅਤੇ ਉਨ੍ਹਾਂ ਬਾਬਾ ਨਾਨਕ ਨੂੰ ਕਰਾਮਾਤ ਵਿਖਾਉਣ ਵਾਸਤੇ ਕਿਹਾ। ਬਾਬਾ ਨਾਨਕ ਨੇ ਕਿਹਾ ਕਿ ਮੇਰੀ ਪ੍ਰਾਪਤੀ ਤਾਂ ਸੁਰਤਿ ਨੂੰ ਸ਼ਬਦ ਨਾਲ ਜੋੜਣਾ ਹੀ ਹੈ ਅਤੇ ਮੇਰੀ ਕਰਾਮਾਤ ਸੰਗਤ ਅਤੇ ਬਾਣੀ ਨਾਲ ਜੁੜੇ ਰਹਿਣ ‘ਚ ਹੈ। ਭਾਈ ਗੁਰਦਾਸ ਦੱਸਦੇ ਹਨ ਕਿ ਜੋਗੀ ਸਾਰੇ ਤੰਤ੍ਰ ਮੰਤ੍ਰ ਕਰਕੇ ਹਾਰ ਗਏ ਸਨ ਅਤੇ ਸ਼ਬਦ-ਗੁਰੂ ਦਾ ਬੋਲਬਾਲਾ ਹੋ ਗਿਆ ਸੀ:
ਸਿਧ ਤੰਤ੍ਰ ਮੰਤ੍ਰ ਕਰਿ ਝੜਿ ਪਏ ਸਬਦਿ ਗੁਰੂ ਕੇ ਕਲਾ ਛਪਾਈ।
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੇ ਨ ਪਾਈ।
ਸੋ ਦੀਨ ਨਾਨਕ ਸਤਿਗੁਰ ਸਰਣਾਈ।
ਪੀਐੱਮ ਮੋਦੀ ਦੇ ਭਾਸ਼ਣ ਤੋਂ ਬਾਅਦ ਇਸ ਬੀਬੀ ਨੇ ਕੀਤੇ ਵੱਡੇ ਖੁਲਾਸੇ ਪੀਐੱਮ ਅਤੇ ਤੋਮਰ ਨੂੰ ਦਿੱਤੇ ਠੋਕਵੇਂ ਜਵਾਬ