ਗੁਰੂ ਨਾਨਕ ਦੇਵ ਜੀ ਮੌਲਵੀ ਕੁਤਬਦੀਨ ਕੋਲੋਂ ਵਿੱਦਿਆ ਸੰਪੂਰਨ ਕਰਨ ਉਪਰੰਤ ਮਨੁੱਖੀ ਜੀਵਨ ਦੀ ਹੋਂਦ ਅਤੇ ਸੱਚਾਈ ਵਰਗੇ ਗੰਭੀਰ ਵਾਰਤਾਲਾਪ ਲਈ ਸਾਧੂ-ਸੰਤਾਂ ਨੂੰ ਮਿਲਣ ਲੱਗੇ। ਬਾਕੀ ਸਮਾਂ ਆਪ ਆਪਣੇ ਘਰ ਵਿਖੇ ਹੀ ਆਤਮ ਚਿੰਤਨ ਵਿੱਚ ਲੀਨ ਰਹਿੰਦੇ। ਉਹ ਘਰ ਵਿੱਚ ਆਉਣ-ਜਾਣ ਵਾਲਿਆਂ ਤੋਂ ਦੂਰ ਹੀ ਰਹਿੰਦੇ। ਉਨ੍ਹਾਂ ਦੇ ਅਜਿਹੇ ਉਦਾਸੀਨ ਵਤੀਰੇ ਕਰਕੇ ਗੁਰੂ ਨਾਨਕ ਦੇਵ ਦੀ ਮਾਤਾ-ਪਿਤਾ ਨੂੰ ਉਨ੍ਹਾਂ ਦੀ ਸਿਹਤ ਦੀ ਚਿੰਤਾ ਹੋਣ ਲੱਗੀ ਅਤੇ ਉਹ ਸਮਝੇ ਕਿ ਉਹ ਸ਼ਾਇਦ ਬੀਮਾਰ ਹੋ ਗਏ ਹਨ।
ਗੁਰੂ ਨਾਨਕ ਦੇਵ ਜੀ ਦੀ ਬੀਮਾਰੀ ਦੇ ਨਿਵਾਰਣ ਲਈ ਮਹਿਤਾ ਕਾਲੂ ਨੇ ਪਿੰਡ ਦੇ ਵੈਦ ਹਰੀਦਾਸ ਨੂੰ ਬੁਲਾਇਆ। ਹਰੀਦਾਸ ਨੇ ਗੁਰੂ ਨਾਨਕ ਦੇਵ ਜੀ ਦੀ ਨਬਜ਼ ਵੇਖਣ ਲਈ ਬਾਂਹ ਫੜੀ ਤਾਂ ਉਨ੍ਹਾਂ ਆਪਣੀ ਬਾਂਹ ਪਿੱਛੇ ਖਿੱਚ ਲਈ ਅਤੇ ਵੈਦ ਨੂੰ ਕਿਹਾ, ”ਵੈਦ ਜੀ! ਤੁਸੀਂ ਮੇਰੀ ਬਾਂਹ ਕਿਉਂ ਫੜ੍ਹ ਰਹੇ ਹੋ?” ਵੈਦ ਨੇ ਕਿਹਾ, ”ਮੈਂ ਰੋਗ ਜਾਣਨ ਲਈ ਨਬਜ਼ ਵੇਖਣਾ ਚਾਹੁੰਦਾ ਹਾਂ ਤਾਂ ਕਿ ਤੁਹਾਨੂੰ ਸਿਹਤਯਾਬ ਕਰਨ ਲਈ ਸਹੀ ਇਲਾਜ ਦੱਸ ਸਕਾਂ।” ਤਾਂ ਗੁਰੂ ਜੀ ਨੇ ਫਰਮਾਇਆ :
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੋ ਬਾਂਹ।।
ਭੋਲਾ ਵੈਦੁ ਨਾ ਜਾਣਈ ਕਰਕ ਕਲੇਜੇ ਮਾਹਿ।।
ਗੁਰੂ ਨਾਨਕ ਦੇਵ ਜੀ ਨੇ ਕਿਹਾ, ”ਹੇ ਵੈਦ ਜੀ! ਬਾਂਹ ਪਕੜ ਕੇ ਕੀ ਵੇਖ ਰਹੇ ਹੋ। ਮੇਰਾ ਸਰੀਰ ਰੋਗੀ ਨਹੀਂ, ਰੋਗ ਤਾਂ ਮੇਰੇ ਮਨ ਵਿੱਚ ਹੈ। ਅਸਲ ਵੈਦ ਤਾਂ ਉਹ ਹੈ ਜਿਹੜਾ ਸਰੀਰ ਤੇ ਮਨ ਦੋਵਾਂ ਦਾ ਰੋਗ ਜਾਣ ਕੇ ਇਲਾਜ ਕਰ ਸਕੇ। ਮੈਂ ਤੁਹਾਨੂੰ ਤਾਂ ਹੀ ਵੈਦ ਮੰਨਾਂਗਾ ਜੇ ਤੁਸੀਂ ਮੇਰਾ ਰੋਗ ਠੀਕ ਕਰਨ ਤੋਂ ਪਹਿਲਾਂ ਆਪਣਾ ਰੋਗ ਠੀਕ ਕਰੋਗੇ।”
ਵੈਦ ਅਜਿਹਾ ਸੁਣ ਕੇ ਬਹੁਤ ਹੈਰਾਨ ਹੋਇਆ। ਉਸ ਨੇ ਕਿਹਾ, ”ਹੇ ਨਾਨਕ! ਕੀ ਤੁਹਾਡੇ ਅਨੁਸਾਰ ਮੈਨੂੰ ਕੋਈ ਰੋਗ ਹੈ, ਮੈਂ ਤਾਂ ਠੀਕ-ਠਾਕ ਹਾਂ। ਮੈਨੂੰ ਦੱਸੋ ਕਿ ਮੈਂ ਕਿਸ ਰੋਗ ਤੋਂ ਪੀੜਤ ਹਾਂ?” ਗੁਰੂ ਨਾਨਕ ਦੇਵ ਜੀ ਨੇ ਜੁਆਬ ਦਿੱਤਾ, ”ਵੈਦ ਜੀ ਤੁਹਾਨੂੰ ਜਨਮ ਤੇ ਮਰਨ ਦੀ ਬੀਮਾਰੀ ਹੈ। ਜਨਮ ਮਰਨ ਦਾ ਇਹ ਚੱਕਰ ਦਵਾਈ ਨਾਲ ਠੀਕ ਹੋਣ ਵਾਲਾ ਨਹੀਂ। ਇਸ ਦਾ ਇਲਾਜ ਉਹੀ ਵੈਦ ਕਰ ਸਕਦਾ ਹੈ, ਜੋ ਆਪ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਵੇ।”
ਇਹ ਵੀ ਪੜ੍ਹੋ : ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗਧੇ ਨਾਲ ਲੋਕਾਂ ਨੂੰ ਦਿੱਤੀ ਸਿੱਖਿਆ
ਗੁਰੂ ਨਾਨਕ ਦੇਵ ਜੀ ਦਾ ਰੱਬੀ ਪਿਆਰ ਅਤੇ ਗੰਭੀਰ ਅਧਿਆਤਮਕ ਸੂਝ-ਬੂਝ ਜਾਣ ਕੇ ਵੈਦ ਬਹੁਤ ਹੈਰਾਨ ਹੋਇਆ। ਵੈਦ ਹਰੀਦਾਸ ਤਾਂ ਸਿਰਫ ਸਰੀਰ ਦੀਆਂ ਬੀਮਾਰੀਆਂ ਹੀ ਠੀਕ ਕਰਦਾ ਸੀ। ਗੁਰੂ ਨਾਨਕ ਦੇਵ ਜੀ ਦੇ ਮਾਪੇ ਵੈਦ ਨੂੰ ਪੁੱਛਣ ਲੱਗੇ, ”ਨਾਨਕ ਨੂੰ ਕੀ ਰੋਗ ਹੈ ਅਤੇ ਇਹ ਕਿਵੇਂ ਠੀਕ ਹੋਵੇਗਾ?” ਵੈਦ ਨੇ ਜੁਆਬ ਦਿੱਤਾ, ”ਨਾਨਕ ਸਿਹਤ ਕਰਕੇ ਸਾਡੇ ਸਾਰਿਆਂ ਵਾਂਗੂ ਹੀ ਠੀਕ-ਠੀਕ ਹੈ, ਚਿੰਤਾ ਨਾ ਕਰੋ, ਇਸ ਦੀ ਰੱਬ ਨਾ ਸੱਚੀ ਪ੍ਰੀਤ ਹੈ। ਉਸ ਨੂੰ ਕਿਸੇ ਵੀ ਵੈਦ ਦੀ ਦਵਾਈ ਦੀ ਲੋੜ ਨਹੀਂ ਹੈ।” ਇਹ ਕਹਿ ਕੇ ਵੈਦ ਉਥੋਂ ਚਲਾ ਗਿਆ। ਅਸਲ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਖਿਆ ਦਿੱਤੀ ਕਿ ਸਭ ਰੋਗਾਂ ਦੀ ਜੜ੍ਹ ਮਨ ਹੈ ਅਤੇ ਅਸਲ ਵੈਦ ਉਹ ਹੀ ਹੈ ਜਿਹੜਾ ਸਰੀਰ ਤੇ ਮਨ ਦੋਵਾਂ ਦਾ ਰੋਗ ਜਾਣ ਕੇ ਇਲਾਜ ਕਰ ਸਕੇ।