langar sewa tradition: ਮੰਨਿਆ ਜਾਂਦਾ ਕਿ ਫ਼ਾਰਸੀ ਪ੍ਰੰਪਰਾ ਦੇ ਇਸ ਸ਼ਬਦ ਦੀ ਵਰਤੋਂ ਸ਼ੂਫ਼ੀਆਂ ਦੇ ਡੇਰਿਆਂ ਉਤੇ 12ਵੀਂ, 13ਵੀਂ ਸਦੀ ‘ਚ ਵੰਡੇ ਜਾਂਦੇ ਭੋਜਨ ਲਈ ਹੋਣੀ ਸ਼ੁਰੂ ਹੋ ਗਈ ਸੀ। ਸਿੱਖ ਧਰਮ ਵਿਚ ਇਸ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਜਦੋਂ ਗੁਰੂ-ਅਨੁਯਾਈਆਂ ਨੇ ਕਈ ਸੰਗਤਾਂ ਸਥਾਪਿਤ ਕੀਤੀਆਂ ਅਤੇ ਉਨ੍ਹਾਂ ‘ਚ ਭੋਜਨ ਵੰਡਣ ਦੀ ਵਿਵਸਥਾ ਕੀਤੀ । ਧਿਆਨ ਰਹੇ ਕਿ ਇਹ ਭੋਜਨ ਬਿਨਾਂ ਕਿਸੇ ਸਮਾਜਿਕ ਵਿਤਕਰੇ ਨਸਲ, ਜਾਤ, ਲਿੰਗ ਅਤੇ ਊਚ-ਨੀਚ ਦੇ ਇਕੋ ਪੰਕਤੀ ‘ਚ ਬੈਠ ਕੇ ਖਾਣਾ(ਛਕਣਾ) ਹੁੰਦਾ ਸੀ। ਇਸ ਲਈ ਲੰਗਰ ਦੇ ਨਾਲ ਪੰਗਤ (ਪੰਕਤੀ) ਸ਼ਬਦ ਜੁੜ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ-ਜਿਥੇ ਆਪਣੇ ਧਰਮ ਦਾ ਪ੍ਰਚਾਰ ਕਰਕੇ ਸੰਗਤਾਂ ਬਣਾਈਆਂ, ਉਥੇ-ਉਥੇ ਲੰਗਰ ਚਲਾਉਣ ਦੀ ਤਾਕੀਦ ਕੀਤੀ, ਜਿਵੇਂ ਰਾਜਾ ਸ਼ਿਵਨਾਭ, ਭੂਮੀਆ ਚੋਰ, ਮਲਕ ਭਾਗੋ ਆਦਿ ਨੂੰ। ਕਰਤਾਰਪੁਰ ‘ਚ ਗੁਰੂ ਜੀ ਨੇ ਆਪਣੀ ਖੇਤੀ ਦੀ ਉਪਜ ਵਿਚ ਇਹ ਪ੍ਰਥਾ ਚਲਾਈ ਦੱਸੀ ਜਾਂਦੀ ਹੈ। ਲੰਗਰ ‘ਚ ਪਾਈ ਜਾਣ ਵਾਲੀ ਰਸਦ ਸਿੱਖਾਂ ਦੀ ਘਾਲ-ਕਮਾਈ ਜਾਂ ਦਸਾਂ ਨਹੁੰਆਂ ਦੀ ਕਿਰਤ ‘ਚੋਂ ਖ਼ਰੀਦੀ ਜਾਂਦੀ ਸੀ। ਦਸਵੰਧ ਲਈ ਕੱਢੀ ਰਕਮ ਜ਼ਿਆਦਾਤਰ ਲੰਗਰ ‘ਤੇ ਹੀ ਖ਼ਰਚ ਕੀਤੀ ਜਾਂਦੀ ਹੈ। ਇਸ ਨੂੰ ਗੁਰੂ ਕਾ ਲੰਗਰ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਸ ਪ੍ਰਥਾ ਦਾ ਬਹੁਤ ਵਿਕਾਸ ਕੀਤਾ ।
ਬਲਵੰਤ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ।
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ।
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ।ਗੁਰੂ ਅਮਰਦਾਸ ਜੀ ਨੇ ਪਹਿਲੇ ਪੰਗਿਤੀ ਪਾਛੇ ਸੰਗਤਿ ਦਾ ਆਦੇਸ਼ ਦਿੱਤਾ ਹੋਇਆ ਸੀ। ਇਥੇ ਪੰਗਤਿ ਸ਼ਬਦ ਦਾ ਸੰਬੰਧ ਪੰਗਤੀ ‘ਚ ਬੈਠ ਕੇ ਲੰਗਰ ਛਕਣ ਨਾਲ ਹੈ। ਇਤਿਹਾਸ ਤੋਂ ਸਿੱਧ ਹੈ ਕਿ ਗੋਇੰਦਵਾਲ ਗੁਰੂ ਅਮਰਦਾਸ ਜੀ ਨੂੰ ਮਿਲਣ ਆਏ ਅਕਬਰ ਬਾਦਸ਼ਾਹ ਨੂੰ ਪਹਿਲਾਂ ਪੰਗਤ ‘ਚ ਬੈਠ ਕੇ ਲੰਗਰ ਛਕਣਾ ਪਿਆ। ਇਸ ਤਰ੍ਹਾਂ ਲੰਗਰ ਦੁਆਰਾ ਬਰਾਬਰਤਾ ਦਾ ਵਿਵਹਾਰਿਕ ਰੂਪ ਪੇਸ਼ ਕੀਤਾ ਜਾ ਸਕਿਆ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਲੰਗਰ ਲਈ ਭਾਈ ਜੇਠਾ (ਗੁਰੂ ਰਾਮਦਾਸ ਜੀ) ਜੰਗਲ ‘ਚੋਂ ਲੱਕੜਾਂ ਚੁਣ ਕੇ ਲਿਆਉਂਦੇ ਰਹੇ।
ਅੰਮ੍ਰਿਤਸਰ ਦੀ ਸਥਾਪਨਾ ਨਾਲ, ਜੋ ਸਿੱਖ ਧਰਮ ਦਾ ਕੇਂਦਰ ਬਣਿਆ, ਉਥੇ ਸਭ ਲਈ ਲੰਗਰ ਦੀ ਵਿਵਸਥਾ ਦਾ ਆਯੋਜਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸਿੱਖ ਧਰਮ ਦਾ ਇਕ ਬੁਨਿਆਦੀ ਸਮਾਜਿਕ ਵਿਵਹਾਰ ਬਣਾ ਦਿੱਤਾ। ਇਸ ਤੋਂ ਬਾਦ ਵਕਤ ਨਾਲ ਸਿੱਖ -ਸੰਗਤਾਂ, ਗੁਰੂਧਾਮਾਂ, ਗੁਰਦੁਆਰਿਆਂ ਦੀ ਸਥਾਪਨਾ ਹੁੰਦੀ ਗਈ, ਲੰਗਰ ਦੀ ਵਿਵਸਥਾ ਵੀ ਵਿਸਥਾਰ ਪਕੜਦੀ ਗਈ। ਇਸੇ ਪ੍ਰਰੰਪਰਾ ਨੂੰ ਹੋਰ ਪਕੇਰਾ ਕਰਨ ਲਈ ਵੱਖ-ਵੱਖ ਗੁਰੂ ਸਾਹਿਬਾਨ ਨੇ ਪੂਰਨ ਤੌਰ ’ਤੇ ਪਹਿਰਾ ਦਿੱਤਾ, ਜਿਸ ਦੀਆਂ ਅਨੇਕਾਂ ਮਿਸਾਲਾਂ ਇਤਿਹਾਸ ‘ਚ ਹਨ। ਲੰਗਰ ਦੀ ਸੇਵਾ ਨਿਭਾਉਣ ਵਾਲੇ ਕਈ ਗੁਰੂ ਸੇਵਕਾਂ ਅਤੇ ਕੁਝ ਪਿੰਡਾਂ ਦੇ ਨਾਮ ਵੀ ਇਤਿਹਾਸ ‘ਚ ਮਿਲਦੇ ਹਨ।ਭਾਈ ਲੰਗਾਹ ਵੀ ਪੱਟੀ ਪਰਗਨੇ ਦੇ 84 ਪਿੰਡਾਂ ਦਾ ਚੌਧਰੀ ਸੀ। ਕਹਿੰਦੇ ਹਨ ਕਿ ਇਕ ਵਾਰ ਇਹ ਬੀਮਾਰ ਪੈ ਗਿਆ। ਹਰ ਪ੍ਰਕਾਰ ਦੇ ਯਤਨਾਂ ਅਤੇ ਸਖੀ ਸਰਵਰ ਦੀਆਂ ਮੰਨਤਾਂ ਦੇ ਬਾਵਜੂਦ ਇਹ ਠੀਕ ਨਾ ਹੋਇਆ। ਫਿਰ ਕਿਸੇ ਸਿੱਖ ਦੇ ਸੰਪਰਕ ‘ਚ ਆਉਣ ਕਾਰਨ ਪ੍ਰਮਾਤਮਾ ਦੀ ਭਗਤੀ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੁਆਰਾ ਸੰਚਾਲਿਤ ਧਰਮ ਵਿਚ ਵਿਸ਼ਵਾਸ ਪ੍ਰਗਟ ਕੀਤਾ। ਇਸ ਦੀ ਬੀਮਾਰੀ ਖਤਮ ਹੋ ਗਈ। ਜਦੋ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਆਇਆ।ਉਦੋਂ ਸਰੋਵਰ ਦੀ ਖੁਦਾਈ ਅਤੇ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ । ਇਸ ਨੇ ਉਸ ਮਹਾਨ ਕਾਰਜ ‘ਚ ਸਰੀਰਿਕ ਅਤੇ ਮਾਇਕ ਦੋਹਾਂ ਤਰ੍ਹਾਂ ਦੀ ਸਮਰਪਿਤ ਭਾਵਨਾ ਨਾਲ ਸੇਵਾ ਕੀਤੀ। ਇਸ ਦੀ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਇਸ ਨੂੰ ਆਪਣੇ ਇਲਾਕੇ ਦਾ ਮਸੰਦ ਥਾਪਿਆ। ਜਦੋਂ ਗੁਰੂ ਜੀ ਲਾਹੌਰ ਗਏ, ਤਾਂ ਉਨ੍ਹਾਂ ਦੇ ਨਾਲ ਪੰਜ ਗਏ ਸਿੱਖਾਂ ‘ਚ ਇਹ ਵੀ ਸ਼ਾਮਲ ਸੀ ।