Mata Kaulan ji : ਮਾਤਾ ਕੌਲਾਂ ਜੀ ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਂਈ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਮਾਤਾ ਕੌਲਾਂ ਜੀ ਨੂੰ ਸਾਂਈ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ। ਮਾਤਾ ਕੌਲਾਂ ਜੀ ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ ਦਾ ਫਤਵਾ ਦੇ ਦਿੱਤਾ। ਸਾਂਈ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਣ ’ਤੇ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਮਾਤਾ ਕੌਲਾਂ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ।
ਦੀਨ-ਨਿਆਸਰਾ ਗੁਰੂ ਸਾਹਿਬ ਨੇ ਗੁਰੂ ਘਰ ਵੱਲ ਮਾਤਾ ਕੌਲਾਂ ਜੀ ਦਾ ਪੂਰਨ ਪ੍ਰੇਮ ਵੇਖਦੇ ਹੋਏ ਅੰਮ੍ਰਿਤਸਰ ਪੁੱਜਣ ’ਤੇ ਇਸ ਅਸਥਾਨ ਜਿਸ ਦਾ ਪੁਰਾਤਨ ਨਾਮ “ਫੁੱਲਾਂ ਦੀ ਢਾਬ ਸੀ”, ਇਥੇ ਮਾਤਾ ਕੌਲਾਂ ਜੀ ਦਾ ਨਿਵਾਸ ਕਰਾਇਆ । ਇੱਥੇ ਮਾਤਾ ਕੌਲਾਂ ਜੀ ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਦਾ ਅਭਿਆਸ ਨਾਮ ਦਾ ਅਭਿਆਸ, ਜੱਪ-ਤੱਪ ਕਰਦੇ ਹੋਏ ਬਿਤਾਇਆ। ਮਾਤਾ ਕੌਲਾਂ ਜੀ ਨੇ ਗੁਰੂ ਸਾਹਿਬ ਅੱਗੇ ਇਕ ਦਿਨ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਅਜਿਹੀ ਦਾਤ ਬਖਸ਼ਾਂਗੇ ਜਿਸ ਨਾਲ ਤੁਹਾਡੇ ਨਾਮ ਜਗਤ ਵਿਚ ਅਮਰ ਰਹੇਗਾ।
ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਜੀ ਨੇ ਨਾਮ ’ਤੇ ਸਰੋਵਰ ਦਾ ਕੰਮ ਸਪੁਰਦ ਕੀਤਾ ਅਤੇ ਮਾਤਾ ਕੌਲਾਂ ਜੀ ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕਲੌਸਰ ਰੱਖਿਆ ਜਾਵੇਗਾ ਤੁਸੀ ਇਸੇ ਨੂੰ ਆਪਣਾ ਪੁੱਤਰ ਸਮਝੋ। ਇਹ ਸਰੋਵਰ 1624 ਈ: ਤੋਂ 1627 ਈ. ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਕੀਤਾ। ਮਾਤਾ ਕੌਲਾਂ ਜੀ ਨਾਮ ਸਿਮਰਨ, ਬੰਦਗੀ ਅਤੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਕਰਤਾਰਪੁਰ (ਜ਼ਿਲਾ ਜਲੰਧਰ) ਵਿਖੇ ਸੰਮਤ 1686 ਨੂੰ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜ਼ੇ। ਗੁਰਦੁਆਰਾ ਸਰੋਵਰ ਕੌਲਸਰ ਦੇ ਨਾਂ ‘ਤੇ ਹੀ ਸ੍ਰੀ ਮਾਤਾ ਕੌਲਸਰ ਸਾਹਿਬ ਬਣਿਆ, ਜੋਕਿ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਸਥਿਤ ਹੈ।