mata khivi ji: ਜਦ ਮਾਤਾ ਖੀਵੀ ਜੀ ਨੂੰ ਇਹ ਖ਼ਬਰ ਮਿਲੀ ਤਾਂ ਸੋਚੋ ਉਨ੍ਹਾਂ ਦੇ ਮਨ ‘ਤੇ ਕੀ ਗੁਜਰਿਆ ਹੋਵੇਗਾ ਪਰ ਉਹਨਾਂ ਵਿੱਚ ਕਮਾਲ ਦਾ ਹੌਂਸਲਾ ਸੀ। ਬੱਚੇ ਛੋਟੇ ਸਨ, ਉਨ੍ਹਾਂ ਨੇ ਸਾਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਆਪਣੇ ਮੋਢੇ ‘ਤੇ ਚੁੱਕ ਕੇ ਪਤੀ ਲਈ ਆਨੰਦ-ਪ੍ਰਾਪਤੀ ਦਾ ਰਾਹ ਸੁਖਾਲਾ ਕਰ ਦਿਤਾ। ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਘਰ ਦੀ ਸਾਰ ਲੈਣ ਲਈ ਭੇਜਿਆ ਤਾਂ ਮਾਤਾ ਖੀਵੀ ਨੇ ਸਾਫ਼ ਦੇਖ ਲਿਆ ਕੀ ਭਾਈ ਲਹਿਣਾ ਦਾ ਦਿਲ ਘਰ ਦੇ ਕੰਮ ਵਿਚ ਨਹੀਂ ਲਗਦਾ, ਤਾਂ ਮਾਤਾ ਖੀਵੀ ਨੇ ਕਿਹਾ, ਬਾਹਰ ਨਾ ਜਾਉ ,
ਘਰ ਵਿਚ ਹੀ ਜੋਗ ਕਮਾ ਲਉ ਮੈਂ ਤੁਹਾਡੇ ਤਪ ਵਿਚ ਰੋੜਾ ਨਾ ਅਟਕਾਸਾਂ ਤਾਂ ਗੁਰੂ ਸਾਹਿਬ ਨੇ ਕਿਹਾ,ਜਿਸ ਪਾਸ ਮੈਂ ਚਲਿਆਂ ਹਾਂ ਉਹ ਜੋਗੀ, ਜੰਗਮ ਜਾਂ ਸੰਨਿਆਸੀ ਨਹੀਂ ਹੈ, ਉਸਨੇ ਤਾਂ ਮੈਨੂੰ ਗ੍ਰਹਿਸਤ ਵਿੱਚ ਪਿਆਰ ਦਾ ਰਾਹ ਦਿਖਾਇਆ ਹੈ, ਮੈਂ ਪ੍ਰੇਮ ਹੱਥੋਂ ਵਿਕਿਆਂ ਹਾਂ। ਜਦ ਭਾਈ ਲਹਿਣਾ ਜੀ ਕਰਤਾਰਪੁਰ ਵਾਪਸ ਜਾਣ ਲੱਗੇ ਤਾਂ ਮਾਤਾ ਖੀਵੀ ਜੀ ਨੇ ਕਿਸੇ ਪ੍ਰਕਾਰ ਦੀ ਰੋਕ ਨਾ ਪਾਈ, ਕੋਈ ਕਿੰਤੂ-ਪਰੰਤੂ ਨਹੀਂ ਕੀਤਾ ਤੇ ਘਰ ਪਰਿਵਾਰ ਦਾ ਸਾਰਾ ਭਾਰ ਆਪ ਚੁੱਕ ਲਿਆ।
ਅਗਲੇ ਸੱਤ ਸਾਲ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸੇਵਾ ਦੀ ਕਰੜੀ ਘਾਲ ਕਮਾਈ ਤੇ ਉਨ੍ਹਾਂ ਵਲੋਂ ਦਿੱਤੇ ਹਰ ਇਮਿਤਿਹਾਨ ਵਿਚ ਪਾਸ ਹੋਕੇ ਗੁਰੂ ਦਾ ਅੰਗ ਬਣ ਗਏ। ਜਦੋਂ ਲੋਕਾਂ ਨੇ ਕਿਹਾ ਲਹਿਣਾ ਤਾਂ ਨਾਨਕ ਤਪੇ ਕੋਲ ਹੀ ਰਹਿ ਗਿਆ ਹੈ ਤੇ ਤਪੇ ਦੁਆਰੇ ਹੀ ਧੂਣੀ ਰਮਾ ਲਈ ਸੂ, ਹੁਣ ਤੂੰ ਕੀ ਕਰੇਂਗੀ ?’ ਤਾਂ ਮਾਤਾ ਖੀਵੀ ਨੇ ਬੜੇ ਸਬਰ ,ਸੰਤੋਖ ਤੇ ਵੱਡੇ ਜਿਗਰੇ ਨਾਲ ਕਿਹਾ, ਜੇ ਉਹ ਗੋਦੜੀ ਪਾਏਗਾ ਤਾਂ ਮੈ ਲੀਰਾਂ ਹੰਡਾਸਾਂ, ਜਿਸ ਹਾਲ ਵੀ ਉਹ ਰੱਖੇਗਾ ਉਸ ਹਾਲ ਹੀ ਰਵਾਂਗੀ।”ਵਿੱਚ ਵਿੱਚ ਗੁਰੂ ਨਾਨਕ ਸਾਹਿਬ ਭਾਈ ਲਹਿਣਾ ਜੀ ਨੂੰ ਆਪਣੇ ਪਰਿਵਾਰ ਦੀ ਸਾਰ ਲੈਣ ਲਈ ਭੇਜਦੇ ਰਹਿੰਦੇ। ਏਧਰ ਮਾਤਾ ਖੀਵੀ ਜੀ ਗੁਰੂ ਅੰਗਦ ਸਾਹਿਬ ਜੀ ਦੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼, ਉਹਨਾਂ ਦੀ ਬਾਣੀ ਅਤੇ ਉਹਨਾਂ ਦੀ ਨਿਜੀ ਜ਼ਿੰਦਗੀ ਬਾਰੇ ਸੁਣ ਸੁਣ ਕੇ ਸੇਵਾ ਤੇ ਸਿਮਰਨ ਦੀ ਮੂਰਤ ਬਣ ਗਏ ਸਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਉਹ ਲੋੜਵੰਦਾਂ ਦੀ ਸੇਵਾ ਵਿੱਚ ਲੱਗ ਜਾਂਦੇ।