message of guru nanak dev ji: ਇਸ ‘ਚ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਕਿ ਗੁਰੁ ਨਾਨਕ ਪਾਤਸ਼ਾਹ ਜੀ ਦਾ ਸੰਦੇਸ਼ ਕਿਸੇ ਸਮੇਂ ਦੀ ਸੀਮਾ ‘ਚ ਜਾਂ ਕਿਸੇ ਇਲਾਕੇ ਦੀ ਸੀਮਾ ‘ਚ ਰੱਖ ਕੇ ਵੇਖੇ ਵਾਸਤੇ ਨਹੀਂ ਸੀ। ਉਨ੍ਹਾਂ ਨੇ ਜਿਹੜੀਆਂ ਗੱਲਾਂ ਸੋਲਵੀ੍ਹਂ ਸਦੀ ‘ਚ ਕਹੀਆਂ ਸਨ, ਉਹ ਅੱਜ ਵੀ ਓਸੇ ਤਰ੍ਹਾਂ ਰਾਹ ਵਿਖਾਉਣ ‘ਚ ਸਹਾਇਤਾ ਕਰ ਸਕਦੀਆਂ ਹਨ। ਬਾਬਾ ਨਾਨਕ ਦੇ ਸੰਦੇਸ਼ ਦਾ ਸਬੰਧ ਸਿੱਧਾ ਬੰਦੇ ਦੀ ਰੂਹ ਨਾਲ ਹੈ। ਬੰਦੇ ਦੀ ਰੂਹ ਨਹੀਂ ਬਦਲਦੀ, ਬੰਦੇ ਦੇ ਹਾਲਾਤ ਬਦਲਦੇ ਹਨ। ਬੰਦੇ ਨੂੰ ਬਦਲਣ ਲਈ, ਬੰਦੇ ਦੇ ਹਾਲਾਤ ਨੂੰ ਬਦਲਣ ਦੀ ਲੋੜ ਹੈ ਅਤੇ ਰਹੇਗੀ। ਹਾਲਾਤ ਨੂੰ ਬਦਲਣ ਦੀ ਪ੍ਰੇਰਨਾਂ ਨੂੰ ਬਾਣੀ ‘ਚ ਜੋਤਿ ਕਿਹਾ ਗਿਆ ਹੈ ਅਤੇ ਜੋਤਿ ਨੂੰ ਅਮਲ ‘ਚ ਲਿਆਉਣ ਦੀ ਵਿਧੀ ਨੂੰ ਜੁਗਤਿ ਕਿਹਾ ਗਿਆ ਹੈ। ਜੋਤਿ ਅਤੇ ਜੁਗਤਿ ਦਾ ਨਿਸਤਾਰਾ ਗੁਰੂ ਨਾਨਕ ਦੇਵ ਜੀ ਨੇ ਕਰ ਦਿੱਤਾ ਸੀ। ਇਸ ਨਾਲ ਇਹ ਗੱਲ ਸਾਹਮਣੇ ਆ ਗਈ ਸੀ ਕਿ ਨਾਨਕ-ਸੰਦੇਸ਼ ਦੇ ਵਾਰਸਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੋਤਿ ਅਤੇ ਜੁਗਤਿ ਦੀ ਗੁਰੁ-ਦਾਤ ਨੂੰ ਪਹਿਲਾਂ ਆਪ ਹੰਢਾਉਣ ਅਤੇ ਫਿਰ ਦੂਜਿਆਂ ਤੱਕ ਇਸ ਅਹਿਸਾਸ ਨੂੰ ਪਹੁੰਚਾਉਣ ਲਈ ਸੰਭਵ ਯਤਨ ਕਰਨ। ਏਸੇ ਨੂੰ ਆਪਿ ਜਪੈ ਅਵਰਾ ਨਾਮ ਜਪਾਵੈ ਰਾਹੀਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਹ ਸਭ ਕੁਝ ਬਾਣੀ ਨਾਲ ਜੁੜਿਆ ਹੀ ਸੰਭਵ ਹੋ ਸਕਦਾ ਹੈ। ਸਿੱਖੀ ਦੀ ਜ਼ੁਬਾਨ ‘ਚ ਬਾਣੀ ਨਾਲੋਂ ਟੁਟਣ ਨਾਲ ਅਗਿਆਨੀ ਅਤੇ ਵਿਕਾਰੀ ਸੁਭਾ ਦਾ ਬੋਲਬਾਲਾ ਹੋ ਜਾਂਦਾ ਹੈ।
ਆਪਾਧਾਪੀ ਦੇ ਮਾਹੌਲ ‘ਚ ਪੈਦਾ ਹੋ ਰਹੀਆਂ ਦੁਸ਼ਚਾਰੀਆਂ ਪਰਮੇਸਰ ਤੇ ਭੁਲਿਆਂ ਵਿਆਪਨ ਸਭੈ ਰੋਗ ਦੇ ਹਵਾਲੇ ਨਾਲ ਸਮਝੀਆਂ ਜਾ ਸਕਦੀਆਂ ਹਨ। ਜੋ ਸਿਧਾਂਤ ਦੀ ਸੋਝੀ ਤੋਂ ਮਹਿਰੂਮ ਹੁੰਦਾ ਹੈ ਉਸ ਨੂੰ ਹਾਲਾਤ ਦੀ ਗੁਲਾਮੀ, ਬੰਦੇ ਦਾ ਬੰਦਾ ਹੋ ਜਾਣ ਵੱਲ ਧੱਕ ਦਿੰਦੀ ਹੈ। ਇਸ ਤੋਂ ਬਚਣ ਦੀ ਜੁਗਤਿ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਰੂਪ ‘ਚ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਾਣੀ ਦੇ ਵਿਦਿਆਰਥੀ ਵਜੋਂ ਇਹ ਵਿਸ਼ਵਾਸ਼ ਪੱਕਾ ਹੋ ਸਕਦਾ ਹੈ ਕਿ ਧਰਮ ਤੋ ਬਿਨਾਂ ਬਾਕੀ ਸਾਰੀਆ ਜੁਗਤਾਂ, ਗੁਲਾਮੀ ਨੂੰ ਕਿਸੇ ਦੂਸਰੀ ਗੁਲਾਮੀ ਨਾਲ ਬਦਲਣ ਦਾ ਰਾਹ ਤਾਂ ਦੱਸਦੀਆਂ ਹਨ, ਪਰ ਗੁਲਾਮੀ ਤੋਂ ਮੁਕਤੀ ਦਾ ਰਾਹ ਉਸ ਤਰ੍ਹਾਂ ਨਹੀ ਦੱਸਦੀਆਂ, ਜਿਵੇਂ ਗੁਰਮਤਿ ‘ਚ ਦੱਸਿਆ ਹੋਇਆ ਹੈ। ਕੁੱਲ ਲੁਕਾਈ ਲਈ ਸਾਂਝਾ ਸੰਦੇਸ਼ ਹੋਰਨਾਂ ਮਹਾਂਪੁਰਸ਼ਾਂ ਨੇ ਵੀ ਦਿੱਤਾ ਹੈ ਪਰ ਜਿਸ ਤਰ੍ਹਾਂ ਨਾਨਕ ਪਾਤਸ਼ਾਹ ਨੇ ਜੋ ਕਿਹਾ ਹੈ ਅਤੇ ਉਸੇ ਨੂੰ ਜਿਵੇਂ ਆਪ ਜੀਵਿਆ ਸੀ ਅਤੇ ਬੰਦੇ ਵਲੋਂ ਜੀਵੇ ਜਾਣ ਨੂੰ, ਧਰਮ ਦੀ ਮੁੱਢਲੀ ਲੋੜ ਮੰਨਿਆ ਹੈ, ਉਹ ਨ ਕੇਵਲ ਵੱਖਰੇ ਧਰਮ ਦੀ ਸਥਾਪਨਾ ਹੈ, ਸਗੋਂ ਸਾਰਿਆਂ ਸਮਿਆਂ ਦੀ ਲੋੜ ਵੀ ਬਣ ਗਿਆ ਹੈ। ਕਿਸੇ ਵੀ ਮਹਾਂਪੁਰਸ਼ ਦਾ ਸੰਦੇਸ਼ ਤਾਂ ਹੀ ਠੀਕ ਹੁੰਦਾ ਹੈ, ਜੇ ਉਹ ਧਾਰਮਿਕ-ਕਟੜਤਾ ਵਾਸਤੇ ਨਹੀਂ ਵਰਤਿਆ ਜਾ ਸਕਦਾ ਪਰ ਕਿਸੇ ਵੀ ਮਹਾਂਪੁਰਖ ਦੇ ਪੈਰੋਕਾਰ ਜੇ ਉਸ ਸੰਦੇਸ਼ ਨੂੰ, ਅਮਲ ‘ਚ ਜਿਊਂ ਸਕਣ ਦੀ ਸਮਰੱਥਾ ਤੋਂ ਵਿਰਵੇ ਰਹਿ ਜਾਣ ਤਾਂ ਉਹ ਸੰਦੇਸ਼ ਦੀ ਖੁਬਸੂਰਤੀ ਨਾਲੋ ਹੀ ਟੁੱਟ ਜਾਂਦੇ ਹਨ। ਗੁਰੁ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੱਕ ਇਹੋ ਕੁਝ ਵਾਪਰ ਰਿਹਾ ਸੀ। ਇਸ ‘ਚੋਂ ਬਾਹਰ ਕੱਢਣ ਲਈ ਗੁਰੁ ਨਾਨਕ ਦੇਵ ਜੀ ਦੇ ਸੰਦੇਸ਼ ਨੇ ਜੋ ਕੁਝ ਕੀਤਾ, ਉਸੇ ਨੂੰ ਸਿੱਖ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ‘ਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ, ਕੋਈ ਵਿਅਕਤੀ ਨਹੀਂ ਸੀ, ਸਗੋਂ ਅਕਾਲ ਪੁਰਖ ਦੀ
ਸਿਫਤ ਸਲਾਹ ਵਾਲਾ ਸ਼ਬਦ-ਗੁਰੂ ਹੀ ਸੀ। ਇਸੇ ਕਰਕੇ ਗੁਰੁ ਨਾਨਕ ਦੇਵ ਜੀ ਜਨਮ ਤੋਂ ਗੁਰੂ ਸਨ। ਅਕਾਲਪੁਰਖ ਦਾ ਪ੍ਰਗਟਾਵਾ ਉਨ੍ਹਾਂ ਨੇ ਜਪੁਜੀ ਸਾਹਿਬ ਦੇ ਮੂਲ ਮੰਤ੍ਰ ਤੋਂ ਗੁਰ ਪਰਸਾਦਿ ਦੁਆਰਾ ਕਰ ਦਿੱਤਾ ਸੀ ਅਤੇ ਏਸੇ ਨੂੰ ਗੁਰੁ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਜੀਉ ; ਕਿਹਾ ਹੈ। ਇਹੀ ਗੱਲ ਉਸ ਵੇਲੇ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਦੋਂ ਉਨ੍ਹਾਂ ਨੇ ਸਿੱਧ ਗੋਸ਼ਟਿ ‘ਚ ਸਿਧਾਂ ਜੋਗੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ, ਆਪ ਹੀ ਕਿਹਾ ਹੈ ਕਿ ਉਨ੍ਹਾਂ ਦਾ ਗੁਰੂ, ਸ਼ਬਦ(ਬਾਣੀ) ਹੈ ਅਤੇ ਇਹ ਰਿਸ਼ਤਾ ਉਨ੍ਹਾਂ ਨੇ ਸ਼ਬਦ ‘ਚ ਸੁਰਤ ਜੋੜ ਕੇ ਪ੍ਰਾਪਤ ਕੀਤਾ ਹੈ। ਸੋ ਇਸ ‘ਚ ਗੁਰੂ-ਸੰਦੇਸ਼ ਉਹੀ ਹੈ, ਜਿਸ ਬਾਰੇ ਅਰਦਾਸ ਕਰਦਿਆਂ, ਹਰ ਸਿੱਖ ਤੋਂ ਇਹ ਚੇਤਾ ਰੱਖਣ ਦੀ ਆਸ ਕੀਤੀ ਜਾਂਦੀ ਹੈ ਕਿ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਧਿਆਨ ਧਰਕੇ ਹੀ ਜਿਊਣਾ ਹੈ। ਲੋਕ ਸਿਮਰਤੀ ‘ਚ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਗੁਰੁ ਬਿਨਾਂ ਗਤਿ ਨਹੀਂ ਹੈ। ਬਾਬਾ ਨਾਨਕ ਨੇ ਕਿਸੇ ਦੇਹਧਾਰੀ-ਗੁਰੂ ਦੀ ਥਾਂ ਸ਼ਬਦ-ਗੁਰੂ ਨੂੰ ਗੁਰੂ ਮੰਨਿਆ ਹੈ- ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ਇਸ ਹਵਾਲੇ ਨਾਲ ਨਿਰਸੰਦੇਹ ਉਹ ਜਨਮ ਤੋਂ ਗੁਰੂ ਹੋ ਗਏ ਸਨ ਪਰ ਇਸ ਗੱਲ ਦਾ ਐਲਾਨ ਉਨ੍ਹਾਂ ਨੇ ਓਨਾ ਚਿਰ ਨਹੀਂ ਕੀਤਾ ਸੀ, ਜਿੰਨਾ ਚਿਰ ਉਹ ਇਸ ਅਵਸਥਾ ਨੂੰ ਸਿਮਰਨ ਦੀ ਵਿਧੀ ਰਾਹੀਂ ਅਮਲ ‘ਚ ਨਹੀਂ ਉਤਾਰ ਸਕੇ ਸਨ।
ਆਪਣੇ ਖ਼ਿਲਾਫ਼ ਹੋ ਰਹੇ ਵਿਰੋਧ ਤੋਂ ਦੁਖੀ ਹੋਏ ਭਾਜਪਾ ਆਗੂ, ਸੁਣੋ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਬਿਆਨ