Ninth Guru of Sikh : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਮਿਲਣ ਤੋਂ ਪਹਿਲਾਂ ਬਾਬਾ ਬਕਾਲੇ ਵਿਚ ਆਕੇ ਭਗਤੀ ਕਰਨ ਲੱਗੇ। ਗੁਰੂ ਸਾਹਿਬ ਨੇ ਇਸ ਸਥਾਨ ‘ਤੇ 26 ਸਾਲ 9 ਮਹੀਨੇ ਅਤੇ 13 ਦਿਨ ਤੱਪ ਕੀਤਾ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਵਿਖੇ ਆਪਣੇ ਅੰਤਿਮ ਸਮੇਂ ਵਿਚ ਅਗਲੇ ਗੁਰੂ ਸਾਹਿਬ ਬਾਰੇ ਦੱਸਿਆ ਕਿ ਉਹ ਬਾਬਾ ਬਕਾਲੇ ਹਨ। ਇਸ ਗੱਲ ਤੋਂ ਬਾਅਦ ਬਾਬਾ ਬਕਾਲੇ ਵਿਚ ਕਈ ਲੋਕਾਂ ਨੇ ਅਪਣੇ ਆਪ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ।
ਭਾਈ ਮੱਖਣ ਸ਼ਾਹ ਲੁਬਾਣਾ ਜੋ ਕਿ ਜੇਹਲਮ ਜ਼ਿਲ੍ਹੇ ਦੇ ਵਪਾਰੀ ਸਨ, ਉਹਨਾਂ ਦਾ ਪਾਣੀ ਵਾਲਾ ਜਹਾਜ਼ ਸਾਮਾਨ ਨਾਲ ਭਰਿਆ ਹੋਇਆ ਸਮੁੰਦਰੀ ਤੁਫ਼ਾਨ ਵਿਚ ਘਿਰ ਗਿਆ| ਮੱਖਣ ਸ਼ਾਹ ਲੁਬਾਣਾ ਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਬਚਾ ਲੈਣ ਤਾਂ ਉਹ ਆ ਕੇ 500 ਮੋਹਰਾਂ ਗੁਰੂ ਸਾਹਿਬ ਨੂੰ ਚੜਾਉਣਗੇ। ਪ੍ਰਮਾਤਮਾ ਦੀ ਕਿਰਪਾ ਨਾਲ ਉਹ ਠੀਕ-ਠਾਕ ਘਰ ਪੰਹੁਚ ਗਏ ਅਤੇ ਆਪਣੀ ਸੁਖ ਪੂਰੀ ਕਰਨ ਲਈ ਬਾਬਾ ਬਕਾਲੇ ਆਏ। ਇਥੇ ਆ ਕਿ ਉਨ੍ਹਾਂ ਨੇ ਦੇਖਿਆ ਕਿ ਕਈ ਲੋਕ ਅਪਣੇ ਆਪ ਨੂੰ ਗੁਰੂ ਦੱਸੀ ਬੈਠੇ ਹਨ| ਉਨ੍ਹਾਂ ਨੂੰ ਸਮਝ ਨਾ ਆਵੇ ਕਿ ਉਹ ਅਸਲੀ ਗੁਰੂ ਨੂੰ ਕਿਵੇਂ ਪਛਾਣਨ।
ਭਾਈ ਮੱਖਣ ਸ਼ਾਹ ਨੇ ਹਰ ਇੱਕ ਦੇ ਅੱਗੇ 2-2 ਮੋਹਰਾਂ ਦਾ ਮੱਥਾ ਟੇਕਣਾ ਸੁਰੂ ਕਰ ਦਿੱਤਾ, ਪਰ ਕਿਸੇ ਨੇ ਕੁਝ ਨਾ ਕਿਹਾ। ਸੋਨੇ ਦੀਆਂ ਮੋਹਰਾਂ ਤੱਕ ਹਰੇਕ ਗੁਰੂ ਖ਼ੁਸ਼ ਹੋ ਜਾਂਦਾ ਅਤੇ ਲੁਬਾਣੇ ਵਪਾਰੀ ਨੂੰ ਆਸ਼ੀਰਵਾਦ ਦਿੰਦਾ। ਮੱਖਣ ਸ਼ਾਹ ਬਾਈ ਦੇ ਬਾਈ ਗੁਰੂਆਂ ਦੇ ਦਰਸ਼ਨ ਕਰ ਗਿਆ। ਪਰ ਉਸ ਨੂੰ ਸੱਚਾ ਗੁਰੂ ਨਾ ਲੱਭਿਆ ।ਉਹ ਬੜਾ ਨਿਰਾਸ਼ ਹੋਇਆ। ਅਖੀਰ ਉਸ ਨੇ ਪਿੰਡ ਦੇ ਸਾਧਾਰਨ ਲੋਕਾਂ ਤੋਂ ਪੁੱਛਿਆ ,’ਕਿਉਂ ਜੀ, ਇੱਥੇ ਕੋਈ ਹੋਰ ਵੀ ਸੋਢੀ ਰਹਿੰਦਾ ਹੈ? ਇਕ ਬਿਰਧ ਕਿਸਾਨ ਨੇ ਦਸਿਆ, ‘ਹਾਂ, ਤੇਗ ਬਹਾਦਰ ਨਾਮ ਦਾ ਇਕ ਸ਼ਾਂਤ ਸੁਭਾਅ ਦਾ ਸੋਢੀ ਔਹ ਸਾਹਮਣੇ ਕਮਰੇ ਵਿਚ ਰਹਿੰਦਾ ਹੈ। ਉਹ ਕਿਸੇ ਨੂੰ ਮਿਲਦੇ-ਜੁਲਦੇ ਘੱਟ ਹੀ ਹਨ ਤੇ ਨਾ ਹੀ ਉਹ ਗੁਰੂ ਬਣਨ ਦੇ ਚਾਹਵਾਨ ਹਨ।
ਮੱਖਣ ਸ਼ਾਹ ਉਸ ਬਜ਼ੁਰਗ ਕਿਸਾਨ ਦੁਆਰਾ ਦੱਸੇ ਕੋਠੇ ਨੇ ਅੰਦਰ ਗਿਆ । ਜਦੋਂ ਭਾਈ ਸਾਹਿਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅੱਗੇ 2 ਮੋਹਰਾਂ ਦਾ ਮੱਥਾ ਟੇਕਿਆ ਤਾਂ ਗੁਰੂ ਸਾਹਿਬ ਬੋਲੇ ਭਾਈ ਸਾਹਿਬ ਤੁਸੀਂ ਵਾਅਦਾ ਤਾਂ 500 ਦਾ ਕੀਤਾ ਸੀ। ਪਰ ਹੁਣ ਤੁਸੀਂ ਸਿਰਫ਼ 2 ਹੀ ਮੋਹਰਾਂ ਭੇਂਟ ਕਰ ਰਹੇ ਹੋ| ਇਹ ਗੱਲ ਸੁਣਕੇ ਮੱਖਣ ਸ਼ਾਹ ਜੀ ਛੱਤ ‘ਤੇ ਚੜ ਗਏ ਅਤੇ ਉੱਚੀ-ਉੱਚੀ ਬੋਲਣ ਲਗੇ “ਗੁਰੂ ਲਾਧੋ ਰੇ, ਗੁਰੂ ਲਾਧੋ ਰੇ।” ਇਸ ਤਰ੍ਹਾਂ ਸਿੱਖ ਕੌਮ ਨੂੰ ਆਪਣੇ ਨੌਵੇਂ ਗੁਰੂ ਮਿਲੇ।