Operation Blue Star 1984: ਸਾਕਾ ਨੀਲਾ ਤਾਰਾ ਦੇ ਬੀਜ ਤਾਂ ਸੰਨ 1975 ਵਿੱਚ ਹੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮਨ ਵਿੱਚ ਬੀਜੇ ਗਏ ਸਨ, ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਮਰਜੈਂਸੀ ਵਿਰੁਧ ਮੋਰਚਾ ਲਾ ਦਿੱਤਾ ਗਿਆ ਸੀ। ਸਾਰੇ ਭਾਰਤ ਵਿੱਚ ਕੇਵਲ ਪੰਜਾਬ ਹੀ ਇੱਕੋ ਇੱਕ ਸੂਬਾ ਹੈ ਜਿਸ ਵਿਚੋਂ ਹਜ਼ਾਰਾਂ ਲੋਕਤੰਤਰ ਦੇ ਹਮਾਇਤੀਆਂ ਨੇ ਕੇਂਦਰੀ ਸਰਕਾਰ ਵੱਲੋਂ ਲਾਈ ਐਂਮਰਜੈਂਸੀ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਗ੍ਰਿਫਤਾਰੀਆਂ ਦਿੱਤੀਆਂ। ਜੂਨ 1984 ਸਿੱਖ ਮਾਨਸਿਕਤਾ ‘ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ। ਇਸ ਦੀ ਪੀੜ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ।
3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ। ਦਰਬਾਰ ਸਾਹਿਬ ਦੇ ਚਾਰੇ ਪਾਸੇ ਦੋਵੇਂ ਧਿਰਾਂ ਮੋਰਚਾਬੰਦੀ ਕਰਨ ਤੋਂ ਬਾਅਦ 4 ਜੂਨ ਦੀ ਸਵੇਰ ਰਾਗੀ ਸਿੰਘ ਬੇਨਤੀ ਅਤੇ ਬੀਰ ਰਸ ਦੇ ਸ਼ਬਦਾਂ ਨਾਲ ਆਸ਼ਾ ਦੀ ਵਾਰ ਦਾ ਕੀਰਤਨ ਗਾਇਨ ਕਰ ਰਹੇ ਸਨ। ਘੜੀਆਂ ‘ਤੇ 4 ਵੱਜ ਕੇ 45 ਮਿੰਟ ਦਾ ਸਮਾਂ ਸੀ। ਜਲ੍ਹਿਆਂ ਵਾਲੇ ਬਾਗ਼ ਦੇ ਪਾਸੇ ਤੋਂ ਇਕ ਛੂਕਦਾ ਹੋਇਆ ਗੋਲਾ ਆਇਆ ਅਤੇ ਆਵਾਜ਼ ਨਾਲ ਪੂਰਾ ਵਾਤਾਵਰਣ ਗੂੰਜ ਉਠਿਆ। ਪਰਿਕਰਮਾ ਵਿਚ ਔਰਤਾਂ ਅਤੇ ਬੱਚਿਆਂ ਦਾ ਬੁਰਾ ਹਾਲ ਸੀ। ਚਾਰੇ ਪਾਸੇ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ ਪਰ ਫਿਰ ਵੀ ਸ਼ਬਦ ਗੁਰਬਾਣੀ ਦਾ ਪ੍ਰਵਾਹ ਜਾਰੀ ਸੀ। ਧੜਾਧੜ ਲਾਸ਼ਾਂ ਡਿਗ ਰਹੀਆਂ ਸਨ, ਫਾਈਰਿੰਗ ਪੂਰੇ ਜ਼ੋਬਨ ‘ਤੇ ਸੀ। ਇੰਨੇ ਨੂੰ ਇਕ ਬੰਬ ਸ੍ਰੀ ਦਰਬਾਰ ਸਾਹਿਬ ਨੂੰ ਬਿਜਲੀ ਸਪਲਾਈ ਦੇਣ ਵਾਲੇ ਬਿਜਲੀ ਘਰ ‘ਤੇ ਡਿੱਗਾ। ਸ੍ਰੀ ਦਰਬਾਰ ਦੇ ਆਸਪਾਸ ਦੇ ਇਲਾਕਿਆਂ ਦੀ ਬਿਜਲੀ ਬੰਦ ਹੋ ਗਈ।
ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ। ਸਰਕਾਰੀ ਵ੍ਹਾਈਟ ਪੇਪਰ ਮੁਤਾਬਕ ਹਮਲੇ ‘ਚ 83 ਫੌਜੀ ਤੇ 493 ਆਮ ਲੋਕ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ।