Operation Blue Star 3 june: ਸੰਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਭਾਰਤੀ ਫੌਜ ਵੱਲੋਂ, ਜਿਸ ਨੂੰ ਫ਼ੌਜੀ ਰਵਾਇਤ ਅਨੁਸਾਰ ਸਾਕਾ ਨੀਲਾ ਤਾਰਾ ਆਖਿਆ ਗਿਆ ਹੈ ਆਜ਼ਾਦ ਭਾਰਤ ਵਿੱਚ ਕਿਸੇ ਧਰਮ ਅਸਥਾਨ ਅੰਦਰੋਂ ਅਖੌਤੀ ਅਪਰਾਧੀਆਂ ਨੂੰ ਕੱਢਣ ਲਈ ਕੀਤੀ ਗਈ ਸਭ ਤੋਂ ਵੱਡੀ ਕਾਰਵਾਈ ਹੈ। ਜੂਨ 1984 ਸਿੱਖ ਮਾਨਸਿਕਤਾ ‘ਤੇ ਅਜਿਹਾ ਜ਼ਖ਼ਮ ਐ ਜੋ ਹਰ ਸਾਲ ਨਾਸੂਰ ਬਣ ਕੇ ਵਹਿੰਦਾ। ਇਸ ਦੀ ਪੀੜ ਅੱਜ ਇੰਨੇ ਸਾਲਾਂ ਮਗਰੋਂ ਵੀ ਹਰ ਸਿੱਖ ਦੀ ਅੱਖ ਵਿਚੋਂ ਸਾਫ਼ ਨਜ਼ਰ ਆਉਂਦੀ ਹੈ। ਦਰਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ।
2 ਜੂਨ ਦੀ ਗੋਲੀਬਾਰੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵੀ 2 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜੇ। ਇੰਦਰਾ ਗਾਂਧੀ ਵੱਲੋਂ ਦਿੱਤੇ ਭਾਸ਼ਣ ਦੇ ਤੁਰੰਤ ਮਗਰੋਂ ਅੰਮ੍ਰਿਤਸਰ ਸ਼ਹਿਰ ਦਾ ਬਾਕੀ ਦੇਸ਼ ਨਾਲੋਂ ਸੰਪਰਕ ਟੁੱਟ ਗਿਆ। ਟੈਲੀਫ਼ੋਨ ਦੀਆਂ ਲਾਈਨਾਂ ਤਕ ਕੱਟ ਦਿੱਤੀਆਂ ਗਈਆਂ। 3 ਜੂਨ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ।
ਦਰਬਾਰ ਸਾਹਿਬ ਦੇ ਚਾਰੇ ਪਾਸੇ ਦੋਵੇਂ ਧਿਰਾਂ ਮੋਰਚਾਬੰਦੀ ਕਰ ਰਹੀਆਂ ਸਨ। ਲੋਕਲ ਤੇ ਕੁੱਝ ਵੱਡੇ ਪੱਤਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਮਿਲਣ ਲਈ ਅਕਾਲ ਤਖ਼ਤ ਆਏ। ਹਰ ਪੱਤਰਕਾਰ ਕੋਲ ਕਈ ਸਵਾਲ ਸਨ ਪਰ ਇਕ ਸਵਾਲ ਸਭ ਦਾ ਸਾਂਝਾ ਸੀ। ਹਰ ਕੋਈ ਉਸ ਦਾ ਜਵਾਬ ਭਾਲਦਾ ਸੀ, ਜੇ ਹਮਲਾ ਹੋਇਆ ਤਾਂ ਕੀ ਹੋਵੇਗਾ? ਸੰਤ ਕੁੱਝ ਪਲਾਂ ਲਈ ਖਾਮੋਸ਼ ਹੋ ਗਏ ਤੇ ਜਵਾਬ ਦਿੱਤਾ ”ਮੇਰੇ ਗੁਰੂ ਨੇ ਕੜਾ ਦਿੱਤਾ ਚੂੜੀ ਨਹੀਂ, ਲੋਹੇ ਦੇ ਚਣੇ ਚਬਾ ਦਿਆਂਗੇ।”