prakash purab sri guru tegh bahadur sahib: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਜਨਮ 1621 ਈ: ਦੇ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਮਾਤਾ ਨਾਨਕੀ ਜੀ ਦੇ ਕੁੱਖੋਂ ਅੰਮ੍ਰਿਤਸਰ ਵਿਖੇ ਹੋਇਆ।ਸ੍ਰੀ ਗੁਰੂ ਤੇਗ ਬਹਾਦੁਰ ਜੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ ਤੇ ਜਿਸ ਅਸਥਾਨ ‘ਤੇ ਗੁਰੂ ਸਾਹਿਬ ਦਾ ਜਨਮ ਹੋਇਆ ਉਸ ਅਸਥਾਨ ‘ਤੇ ਅੱਜ ਕੱਲ੍ਹ ਗੁਰੂ ਕਾ ਮਹਿਲ ਗੁਰੂਦੁਆਰਾ ਸਾਹਿਬ ਸਥਿਤ ਹੈ।ਸ੍ਰੀ ਗੁਰੂ ਤੇਗ ਬਹਾਦੁਰ ਜੀ ਬਹੁਤ ਹੀ ਤਿਆਗੀ ਸੁਭਾਅ ਦੇ ਸਨ ਅਤੇ ਹਮੇਸ਼ਾ ਉਸ ਪ੍ਰਮਾਤਮਾ ਦੀ ਭਗਤੀ ‘ਚ ਲੀਨ ਰਹਿੰਦੇ ਸੀ।
ਤਿਆਗ ਤੇ ਦਇਆ ਦੀ ਮੂਰਤ ਹਿੰਦ ਦੀ ਚਾਦਰ, ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਸੰਗਤਾਂ ਵਲੋਂ ਬੜੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਪ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੇ ਉਦਰ ਤੋਂ ਹੋਇਆ। ਗੁਰੂ ਤੇਗ ਬਹਾਦਰ ਜੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਮਿਲਣ ਤਕ ਆਪ ਲਗਪਗ 20 ਸਾਲ ਪ੍ਰਭੂ ਭਗਤੀ ‘ਚ ਲੀਨ ਰਹੇ। ਗੁਰ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਕਿ ਦਿੱਲੀ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਾਬਾ ਬਕਾਲਾ ਵਿਖੇ ਭਗਤੀ ‘ਚ ਲੀਨ ਤੇਗ ਬਹਾਦਰ ਜੀ ਨੂੰ ਗੁਰਿਆਈ ਸੌਂਪੀ।
ਸ੍ਰੀ ਅਨੰਦਪੁਰ ਸਾਹਿਬ (ਪਹਿਲਾ ਨਾਂ ਚੱਕ ਨਾਨਕੀ) ਗੁਰੂ ਜੀ ਨੇ ਖ਼ੁਦ ਆਪਣੀ ਨਿਗਰਾਨੀ ਹੇਠ ਜ਼ਮੀਨ ਮੁੱਲ ਲੈ ਕੇ ਵਸਾਇਆ ਸੀ। ਇੱਥੇ ਖ਼ਾਲਸਾ ਸਾਜਨਾ ਸਮੇਤ ਅਨੇਕ ਇਤਿਹਾਸਕ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚੋਂ ਇਕ ਘਟਨਾ ਦਾ ਸਬੰਧ ਕਸ਼ਮੀਰੀ ਪੰਡਤਾਂ ਦੀ ਫਰਿਆਦ ਨਾਲ ਜੁੜਿਆ ਹੈ। ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ ਡੂੰਘੇ ਚਿੰਤਨ ਵਿਚ ਲੀਨ ਹੋਏ ਦੇਖ ਕੇ ਬਾਲ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ ਜੀ) ਵੱਲੋਂ ਪੁੱਛਣ ’ਤੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਮੰਗਣ ਵਾਲਾ ਜਵਾਬ, ਮਹਾਨ ਇਤਿਹਾਸਕ ਘਟਨਾ ਹੋ ਨਿਬੜਿਆ। ਅੱਗੋਂ ਬਾਲ ਗੋਬਿੰਦ ਰਾਏ ਦਾ ਦ੍ਰਿੜ੍ਹਤਾ ਭਰਿਆ ਜਵਾਬ ਸੁਣ, ਨੌਵੇਂ ਪਾਤਸ਼ਾਹ ਨੇ ਹਰ ਤਰ੍ਹਾਂ ਨਿਸ਼ਚਿੰਤ ਹੋ ਕੇ ਕਸ਼ਮੀਰੀ ਪੰਡਤਾਂ ਨੂੰ ਨਿਰਭੈਤਾ ਦੇ ਜਜ਼ਬੇ ਨਾਲ ਭਰਪੂਰ ਉਪਾਅ ਦੇ ਕੇ ਉੱਥੋਂ ਵਿਦਾ ਕੀਤਾ। ਆਪ ਖ਼ੁਦ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਸ਼ਹਾਦਤ ਦਾ ਜਾਮ ਪੀਣ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ।
ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਪੰਜਾਬ ਦੇ ਵੱਖ ਵੱਖ ਅਸਥਾਨਾਂ ਉੱਤੇ ਲੋਕਾਂ ਨੂੰ ਜਾਗਰੂਕ ਕਰਦਿਆਂ ਮੌਕੇ ਦੀ ਹਕੂਮਤ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਅਤੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਲਿਜਾ ਕੇ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਸ਼ਹੀਦ ਕਰ ਦਿੱਤੇ ਗਏ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਖਵਾਲੀ ਦਾ ਸੰਦੇਸ਼ ਲੈ ਕੇ ਤੁਰੇ ਨੌਵੇਂ ਗੁਰੂ ਉਸ ਧਾਰਮਿਕ ਵਿਸ਼ਵਾਸ ਲਈ ਕੁਰਬਾਨ ਹੋ ਗਏ ਜੋ ਦੁਨਿਆਵੀ ਨਜ਼ਰਾਂ ਵਿਚ ਉਨ੍ਹਾਂ ਦੇ ਖ਼ੁਦ ਦੇ ਵਿਸ਼ਵਾਸ ਤੋਂ ਬਿਲਕੁਲ ਵੱਖਰਾ (ਦੂਜਾ) ਸੀ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸਾਕਾਰ ਹੋਇਆ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਰਖਵਾਲੀ ਦਾ ਇਹ ਸੰਦੇਸ਼ ਅੱਜ ਵੀ ਸਾਰਥਕ ਹੈ। ਆਮ ਜਨਤਾ ਦੇ ਮਨਾਂ ਵਿਚੋਂ ਡਰ, ਭੈਅ ਦੇ ਅਹਿਸਾਸ ਨੂੰ ਬਾਹਰ ਕੱਢਣ ਲਈ ਨਿਰਭੈਤਾ ਦਾ ਇਹ ਸਬਕ ਗੁਰੂ ਜੀ ਦੇ ਬਾਣੀ-ਸੰਦੇਸ਼ ਦਾ ਅਭਿਆਸ ਹੋ ਨਿਬੜਿਆ:
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥
ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਸਲੋਕ ਮਹਲਾ 9, 1427)
ਕੈਪਟਨ ਦੇ ਮਹਿਲ ਘੇਰਨ ਜਾ ਰਹੇ ਕਿਸਾਨਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ, ਮੋਤੀ ਮਹਿਲ ਵੱਲ ਨੂੰ ਸਿੱਧੇ ਕਰ ‘ਤੇ ਟਰੈਕਟਰ