sahib e kamal shri guru gobind singh ji:ਗੁਰੂ ਗੋਬਿੰਦ ਸਿੰਘ ਜੀ ਦੇ ਮੌਕੇ ‘ਤੇ ਇਹ ਧਰਮ ਅਤੇ ਸੱਚ ਦੀ ਲੜਾਈ ਖੁੱਲ੍ਹਮ-ਖੁੱਲ੍ਹਾ ਰੂਪ ਧਾਰਨ ਕਰ ਚੁੱਕੀ ਸੀ । ਗੁਰੂ ਜੀ ਨੇ ਸੋਚ ਲਿਆ ਸੀ ਕਿ ਹੁਣ ਤਿਆਰ ਬਰ ਤਿਆਰ ਫੌਜਾਂ ਦੀ ਲੋੜ ਹੈ । ਸੋ ਖਾਲਸੇ ਦੀ ਸਾਬਤ ਸੂਰਤ ਤਿਆਰ ਬਰ ਤਿਆਰ ਰਹਿਣ ਵਿਚ ਵੀ ਸਹਾਈ ਸੀ । ਇਸ ਦਾ ਵਰਨਣ ਅੱਗੇ ਕਰਾਂਗੇ । ਸਾਬਤ ਸੂਰਤ ਦੇ ਨਾਲ-ਨਾਲ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੰਜ ਕਕਾਰਾਂ ਦੇ ਧਾਰਨੀ ਹੋਣਾ ਵੀ ਲਾਜ਼ਮੀ ਕਰ ਦਿੱਤਾ ।
ਖਾਲਸੇ ਨੂੰ ਕਿਰਪਾਨ ਦਾ ਪਹਿਨਣਾ ਜ਼ਰੂਰੀ ਕਰ ਦਿੱਤਾ ਕਿਉਂਕਿ ਅਗਰ ਤੁਹਾਡੇ ਕੋਲ ਹੋਰ ਕੋਈ ਹਥਿਆਰ ਨਾ ਵੀ ਹੋਵੇ ਤਾਂ ਘੱਟੋ-ਘੱਟ ਤੁਹਾਡੇ ਕੋਲ ਕਿਰਪਾਨ ਤਾਂ ਹੋਵੇ ਜਿਸ ਨਾਲ ਤੁਸੀਂ ਦੁਸ਼ਮਣ ਦਾ ਟਾਕਰਾ ਕਰ ਸਕੋ ।ਤਲਵਾਰ ਲਈ ਗੁਰੂ ਸਾਹਿਬ ਨੇ ਕਿਰਪਾਨ ਸ਼ਬਦ ਦੀ ਵਰਤੋਂ ਕੀਤੀ ਜੋ ਕਿ ਕਿਰਪਾ + ਆਨ ਤੋਂ ਬਣਿਆ ਹੈ। ਭਾਵ ਕਿ ਇਹ ਹਥਿਆਰ ਸਿੱਖਾਂ ਨੇ ਕਿਸੇ ਮਜ਼ਲੂਮ ਦੀ ਰੱਖਿਆ ਲਈ ਭਾਵ ਉਸ ਉੱਤੇ ਕਿਰਪਾ ਲਈ ਚਲਾਉਣਾ ਹੈ ਅਤੇ ਜਾਂ ਫਿਰ ਆਪਣੀ ਆਨ, ਸਵੈਮਾਨ ਲਈ । ਕਿਰਪਾਨ ਦਾ ਧਾਰਨੀ ਹੋਣ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਕਿ ਤੁਸੀਂ ਕਿਸੇ ਤੇ ਹਮਲਾ ਕਰਨਾ ਹੈ ।
ਕੜ੍ਹਾ ਪਹਿਨਣ ਦਾ ਹੁਕਮ ਇਸ ਲਈ ਕੀਤਾ ਕਿ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਇਹ ਐਮਰਜੈਂਸੀ ਵਿਚ ਢਾਲ ਦਾ ਕੰਮ ਦੇ ਸਕਦਾ ਹੈ। ਦੂਜਾ ਇਸ ਦਾ ਫਾਇਦਾ ਮਨੋਵਿਗਿਆਨਿਕ ਵੀ ਹੈ ਕਿ ਅਗਰ ਸਿੱਖ ਨੇ ਕੜ੍ਹਾ ਪਾਇਆ ਹੋਵੇ ਤਾਂ ਡਰ ਨੇੜੇ ਨਹੀਂ ਆਉਂਦਾ। ਕੜ੍ਹਾ ਪਹਿਨਣ ਦਾ ਇਕ ਹੋਰ ਫਾਇਦਾ ਇਹ ਹੈ ਕਿ ਗੁਰੂ ਦਾ ਸਿੱਖ ਅਗਰ ਕਿਸੇ ਮੰਦੇ ਕਰਮ ਨੂੰ ਕਰਨ ਲਈ ਹੱਥ ਅੱਗੇ ਵਧਾਏਗਾ ਤਾਂ ਉਸ ਦਾ ਕੜ੍ਹਾ ਉਸ ਨੂੰ ਗੁਰੂ ਦਾ ਸਿੱਖ ਹੋਣ ਦਾ ਅਹਿਸਾਸ ਅਤੇ ਚੇਤਾ ਕਰਵਾਏਗਾ ਅਤੇ ਉਹ ਮੰਦੇ ਕਰਮ ਤੋਂ ਤੌਬਾ ਕਰੇਗਾ ।ਕਛਹਿਰਾ ਇਸ ਕਰਕੇ ਪਹਿਨਣਾ ਜ਼ਰੂਰੀ ਸੀ ਕਿ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੱਪੜੇ ਪਹਿਨਣ ਵਿਚ ਸਮਾਂ ਵਿਅਰਥ ਨਾ ਜਾਵੇ। ਘੱਟੋ-ਘੱਟ ਕਛਹਿਰਾ ਪਾਇਆ ਹੋਵੇ ਤਾਂ ਸਿੱਖ ਕਿਰਪਾਨ ਚੁੱਕ ਕੇ ਤਿਆਰ-ਬਰ-ਤਿਆਰ ਸਿਪਾਹੀ ਹੋਵੇ ।ਕੇਸਾਂ ਦਾ ਮਹੱਤਵ ਤਾਂ ਅਸੀਂ ਉਪਰ ਕੁਦਰਤੀ ਤੌਰ ਤੇ ਹੋਣਾ ਵੀ ਵੇਖ ਆਏ ਹਾਂ ਪਰ ਇਸ ਤੋਂ ਇਲਾਵਾ ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੇਸ ਦੁਸ਼ਮਣ ਦੇ ਵਾਰ ਤੋਂ ਬਚਾਅ ਵੀ ਕਰ ਸਕਦੇ ਹਨ। ਇਸੇ ਤਰ੍ਹਾਂ ਅਗਰ ਸਿੱਖ ਨੇ ਕੇਸ ਰੱਖੇ ਹਨ ਤਾਂ ੳੇੁਨਾਂ ਦੀ ਸਫਾਈ ਲਈ ਕੰਘਾ ਹੋਣਾ ਲਾਜ਼ਮੀ ਹੈ ।ਇਸ ਤਰ੍ਹਾਂ ਅਸੀਂ ਵੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਵਿਲੱਖਣ ਸੂਰਤ ਸਿੱਖਾਂ ਲਈ ਲਾਜ਼ਮੀ ਬਣਾਈ ਉਹ ਬੜੀ ਡੂੰਘੀ ਸੋਚ ਵਿਚਾਰ ‘ਤੇ ਅਧਾਰਤ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੀ ਇਹ ਸਾਬਤ ਸੂਰਤ ਤੇ ਪੰਜ ਕਕਾਰਾਂ ਦਾ ਮਹੱਤਵ ਅੱਜ ਵੀ ਜਿਉਂ ਦਾ ਤਿਉਂ ਸਾਰਥਕ ਹੈ । ਅੱਜ ਵੀ ਅਗਰ ਸਿੱਖ ਤਿਆਰ-ਬਰ-ਤਿਆਰ ਹੈ ਤਾਂ ਉਹ ਕਿਸੇ ਮਜ਼ਲੁਮ ਦੀ ਰੱਖਿਆ ਕਰ ਸਕਦਾ ਹੈ । ਮਜ਼ਲੂਮ ਭਾਵੇਂ ਕਿਸੇ ਵੀ ਰੰਗ, ਮਜ਼ਬ, ਜਾਤ ਜਾਂ ਦੇਸ਼ ਦਾ ਹੋਵੇ ਸਿੱਖ ਲਈ ਉਸ ਦੀ ਰੱਖਿਆ ਕਰਨਾ ਪਰਮ-ਧਰਮ ਹੈ।