ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਸੁਣ ਕੇ ਦੋ ਦੋਸਤਾਂ ਨੇ ਗੁਰੂ ਜੀ ਦੇ ਉਪਦੇਸ਼ ਸੁਣਨ ਦਾ ਫੈਸਲਾ ਕੀਤਾ। ਉਨ੍ਹਾਂ ਵਿੱਚੋਂ ਪਹਿਲਾ ਦੋਸਤ ਛੇਤੀ ਹੀ ਗੁਰੂ ਜੀ ਦਾ ਸਮਰਪਿਤ ਸ਼ਿਸ਼ ਬਣ ਗਿਆ।
ਉਹ ਗੁਰੂ ਜੀ ਦਾ ਉਪਦੇਸ਼ ਸੁਣਨ ਲਈ ਹਰ ਵੇਲੇ ਹਾਜ਼ਰ ਹੁੰਦਾ ਅਤੇ ਜੋ ਉਹ ਸੁਣਦਾ ਉਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਧਾਰਨ ਕਰਨ ਦੀ ਕੋਸ਼ਿਸ਼ ਕਰਦਾ। ਦੂਜਾ ਦੋਸਤ ਗੁਰੂ ਜੀ ਦਾ ਉਪਦੇਸ਼ ਸਿਰਫ ਉਤਸੁਕਤਾ ਕਾਰਨ ਹੀ ਸੁਣਨ ਆਇਆ ਸੀ। ਉਹ ਛੇਤੀ ਹੀ ਇਕ ਔਰਤ ਵੱਲ ਆਕਰਸ਼ਿਤ ਹੋ ਗਿਆ।
ਇਕ ਦਿਨ ਜਦੋਂ ਉਹ ਦੋਵੇਂ ਕਿਤੇ ਜਾ ਰਹੇ ਸਨ ਤਾਂ ਦੂਜੇ ਦੋਸਤ ਨੂੰ ਰਸਤੇ ਵਿੱਚ ਸੋਨੇ ਦੀ ਮੋਹਰ ਮਿਲੀ। ਉਸ ਨੇ ਖੁਸ਼ੀ-ਖੁਸ਼ੀ ਇਸ ਨੂੰ ਚੁੱਕਿਆ ਅਤੇ ਛੇਤੀ-ਛੇਤੀ ਇਸ ਨੂੰ ਲੈ ਕੇ ਉਸ ਔਰਤ ਕੋਲ ਪਹੁੰਚ ਗਿਆ। ਜਦਕਿ ਪਹਿਲੇ ਦੋਸਤ ਦੇ ਪੈਰ ਵਿੱਚ ਬੁਰੀ ਤਰ੍ਹਾਂ ਕੰਢਾ ਚੁੱਭ ਗਿਆ ਸੀ।
ਜਦੋਂ ਉਸ ਦਾ ਪੈਰ ਕੁਝ ਠੀਕ ਹੋਇਆ ਤਾਂ ਉਹ ਗੁਰੂ ਜੀ ਕੋਲ ਪਹੁੰਚਿਆ ਅਤੇ ਸ਼ਿਕਾਇਤ ਭਰੇ ਲਹਿਜ਼ੇ ਵਿੱਚ ਕਹਿਣ ਲੱਗਾ, “ਗੁਰੂ ਜੀ, ਇੱਕ ਆਦਮੀ ਜੋ ਹਰ ਸ਼ਾਮ ਇੱਕ ਔਰਤ ਨਾਲ ਬਿਤਾਉਂਦਾ ਹੈ, ਉਸ ਨੂੰ ਸੋਨੇ ਦੀ ਮੋਹਰ ਲੱਭੀ ਅਤੇ ਮੈਂ ਆਪਣੀ ਜ਼ਿੰਦਗੀ ਸਹੀ ਤੇ ਚੰਗੇ ਤਰੀਕੇ ਨਾਲ ਬਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਅਜਿਹਾ ਕਿਉਂ ਹੋਇਆ?”
ਗੁਰੂ ਜੀ ਨੇ ਜਵਾਬ ਦਿੱਤਾ ” “ਹਰ ਵਿਅਕਤੀ ਨਾਲ ਜੋ ਵੀ ਚੰਗਾ-ਮਾੜਾ ਹੁੰਦਾ ਹੈ ਉਹ ਉਸ ਦੇ ਪਿਛਲੇ ਕਰਮਾਂ ਕਰਕੇ ਹੁੰਦਾ ਹੈ। ਜਦੋਂ ਤੁਸੀਂ ਦੋਵੇਂ ਪਹਿਲਾਂ ਇਥੇ ਆਏ ਤੁਹਾਡੇ ਦੋਹਾਂ ਦੇ ਸਿਰ ‘ਤੇ ਕਰਮਾਂ ਦਾ ਭਾਰ ਭੁਗਤਾਉਣ ਵਾਲਾ ਸੀ। ਤੈਨੂੰ ਉਹ ਕਰਜ਼ਾ ਸੂਲੀ ‘ਤੇ ਚੜ੍ਹ ਕੇ ਮੌਤ ਨਾਲ ਚੁਕਤੁ ਕਰਨਾ ਪੈਣਾ ਸੀ। ਪਰ ਤੇਰੇ ਦੋਸਤ ਦੇ ਕਰਮਾਂ ਵਿੱਚ ਪਿਛਲੇ ਜਨਮਾਂ ਦੇ ਚੰਗੇ ਕਰਮਾਂ ਕਰਕੇ ਸੋਨੇ ਦੀਆਂ ਮੋਹਰਾਂ ਦਾ ਘੜਾ ਸੀ।
ਇਹ ਵੀ ਪੜ੍ਹੋ : ਪੁੱਤਾਂ ਦੇ ਦਾਨੀ ਬਾਬਾ ਬੁੱਢਾ ਜੀ- ਮਾਤਾ ਗੰਗਾ ਨੂੰ ਦਿੱਤਾ ਬਹਾਦਰ ਪੁੱਤ ਦਾ ਵਰ
ਸੱਚੇ ਗੁਰੂ ਦੇ ਕਿਰਪਾ ਨਾਲ ਤੇਰੇ ‘ਤੇ ਜਿਹੜਾ ਕਰਜ਼ਾ ਸੀ ਉਹ ਕਾਫੀ ਹੱਦ ਤੱਕ ਖਤਮ ਹੋ ਗਿਆ ਜਿਹੜਾ ਥੋੜ੍ਹਾ-ਬਹੁਤ ਬਚਿਆ ਸੀ, ਉਹ ਛੋਟੀ ਜਿਹੇ ਜ਼ਖਮ ਨਾਲ ਭੁਗਤਾਇਆ ਗਿਆ। ਪਰ ਤੇਰੇ ਦੋਸਤ ਦੇ ਇਸ ਜਨਮ ਵਿੱਚ ਉਸ ਔਰਤ ਨਾਲ ਰਹਿਣ ਕਰਕੇ ਉਸ ਦੀ ਕਿਸਮਤ ਵਿੱਚ ਜੋ ਇੰਨਾ ਵੱਡਾ ਤੋਹਫਾ ਸੀ ਉਹ ਸੁਆਹ ਬਣ ਗਿਆ ਅਤੇ ਉਸ ਨੂੰ ਸਿਰਫ ਸੋਨੇ ਦੀ ਇੱਕ ਮੋਹਰ ਹੀ ਮਿਲੀ। ਇਸ ਜਨਮ ਦੇ ਕਰਮਾਂ ਦੇ ਹਿਸਾਬ ਨਾਲ ਅਸੀਂ ਪਿਛਲੇ ਜਨਮ ਦੇ ਮਾੜੇ ਤੇ ਚੰਗੇ ਕਰਮਾਂ ਨੂੰ ਖਤਮ ਕਰ ਸਕਦੇ ਹਾਂ ਤੇ ਇਹੀ ਤੁਹਾਡੇ ਨਾਲ ਹੋਇਆ। ਗੁਰੂ ਜੀ ਦੀ ਗੱਲ ਸੁਣ ਕੇ ਉਹ ਵਿਅਕਤੀ ਸੰਤੁਸ਼ਟ ਹੋ ਗਿਆ।