SGPC demands Center : ਅੰਮ੍ਰਿਤਸਰ : SGPC ਦੀ ਸਾਧਾਰਨ ਸਭਾ ‘ਚ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਹੋਂਦ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਇੱਕ ਨਿੰਦਾ ਪ੍ਰਸਤਾਵ ਪਾਸ ਕੀਤਾ ਗਿਆ। ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਇਸ ਮੁੱਦੇ ਨੂੰ ਪਾਕਿਸਤਾਨ ਸਾਹਮਣੇ ਉਠਾਏ। ਇੱਕ ਹੋਰ ਪ੍ਰਸਤਾਵ ‘ਚ ਕੇਂਦਰ ਤੋਂ ਕਰਤਾਰਪੁਰ ਕਾਰੀਡੋਰ ਨੂੰ ਖੋਲ੍ਹਣ ਦੀ ਮੰਗ ਕੀਤੀ ਗਈ। ਸਭਾ ‘ਚ ਕਿਹਾ ਗਿਆ ਕਿ ਜਦੋਂ ਸਾਰੇ ਧਾਰਮਿਕ ਤੇ ਵਪਾਰਕ ਸੰਸਥਾਵਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਕਾਰੀਡੋਰ ਖੋਲ੍ਹਣ ‘ਤੇ ਵੀ ਜਲਦ ਫੈਸਲਾ ਹੋਵੇ।
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਾਂ ਲਈ ਜਾਣ ਵਾਲੀ ਸੰਗਤ ‘ਤੇ ਲਗਾਈ ਗਈ ਪਾਸਪੋਰਟ ਦੀ ਸ਼ਰਤ ਖਤਮ ਕਰਨ ਦੀ ਵੀ ਮੰਗ ਕੀਤੀ ਗਈ। ਇੱਕ ਹੋਰ ਪ੍ਰਸਾਤਵ ‘ਚ ਉਤਰਾਖੰਡ, ਸਿੱਕਮ ਅਤੇ ਓਡੀਸ਼ਾ ‘ਚ ਸਥਿਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰ ਕੀ ਪੌੜੀ, ਗੁਰਦੁਆਰਾ ਡਾਂਗ ਮਾਰ ਸਾਹਿਬ, ਗੁਰਦੁਆਰਾ ਬਾਵਲੀ ਮੱਠ, ਮੰਗੂ ਮੱਠ ਤੇ ਪੰਜਾਬੀ ਮੱਠ ਨੂੰ SGPC ਨੂੰ ਸੌਂਪਣ ਦੀ ਮੰਗ ਕੀਤੀ ਗਈ। ਭਾਰਤ ਸਰਕਾਰ ਤੋਂ ਜੰਮੂ-ਕਸ਼ਮੀਰ ‘ਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦੇ ਤੌਰ ‘ਤੇ ਸ਼ਾਮਲ ਕਰਨ ਦੀ ਵੀ ਮੰਗ ਚੁੱਕੀ ਗਈ। ਨਾਲ ਹੀ ਖੇਤੀ ਬਿੱਲਾਂ ਖਿਲਾਫ ਸੰਸਦ ਮੈਂਬਰਾਂ ਨੂੰ ਆਵਾਜ਼ ਉਠਾਉਣ ਦੀ ਅਪੀਲ ਕੀਤੀ ਗਈ। ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਟਾਡਾ ਕਾਨੂੰਨ ਅਧੀਨ ਸਜ਼ਾ ਕੱਟ ਰਹੇ ਨਿਰਦੋਸ਼ ਸਿੱਖਾਂ ਨੂੰ ਜਲਦ ਰਿਹਾਅ ਕਰਨ, ਯੂ. ਏ. ਪੀ. ਏ. ਐਕਟ ਦਾ ਗਸਤ ਇਸਤੇਮਾਲ ਨਾ ਕਰਨ, ਸੋਸ਼ਲ ਮੀਡੀਆ ‘ਚ ਗੁਰੂ ਸਾਹਿਬਾਨ, ਸਿੱਖ ਯੋਧਿਆਂ ਤੇ ਸਿੱਖ ਇਤਿਹਾਸ ਆਦਿ ਵਿਵਾਦਤ ਪੋਸਟ ਅਪਲੋਡ ਕਰਨ ‘ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ।
ਇੱਕ ਹੋਰ ਪ੍ਰਸਤਾਵ ‘ਚ SGPC ਮੈਂਬਰਾਂ ‘ਤੇ ਸਾਲਾਨਾ 3 ਲੱਖ ਦੀ ਰਕਮ ਖਰਚ ਕਰਨ ‘ਤੇ ਲਗਾਈ ਰੋਕ ਨੂੰ ਹਟਾ ਦਿੱਤਾ ਗਿਆ। ਹੁਣ SGPC ਮੈਂਬਰ ਆਪਣੇ ਹਲਕੇ ਦੇ ਧਾਰਮਿਕ ਕੰਮਾਂ ‘ਤੇ 2 ਲੱਖ ਦੀ ਰਕਮ ਖਰਚ ਕਰ ਸਕਣਗੇ। ਇੱਕ ਹੋਰ ਪ੍ਰਸਤਾਵ ‘ਚ ਐੱਸ. ਜੀ. ਪੀ. ਸੀ. ਦੇ ਪਬਲੀਕੇਸ਼ਨ ਵਿਭਾਗ ਦੇ ਵਰਕਰਾਂ ਵੱਲੋਂ ਡਿਊਟੀ ਦੌਰਾਨ ਸੰਗਤਾਂ ਨੂੰ ਦਿੱਤੇ ਗਏ ਪਾਰ ਸਰੂਪਾਂ ਦੀ ਭੇਟਾ (ਨਕਦ ਰਕਮ) ਨਿੱਜੀ ਲਾਲਚ ਕਾਰਨ ਖੁਦ ਇਸਤੇਮਾਲ ਕਰਨ ਦੀ ਸਖਤ ਨਿੰਦਾ ਕੀਤ ਗਈ। SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਬੇਸ਼ੱਕ ਬਜਟ ਕੋਰੋਨਾ ਨਾਲ ਪ੍ਰਭਾਵਿਤ ਹੋਇਆ ਹੈ ਪਰ ਬਜਟ ‘ਚ ਸ਼ਤਾਬਤੀ ਸਮਾਰੋਹਾਂ ਲਈ 3 ਕਰੋੜ 45 ਲੱਖ 70 ਹਜ਼ਾਰ ਰਕਮ ਖਰਚ ਕਰਨ ਦੀ ਵਿਵਸਥਾ ਕੀਤੀ ਗਈ ਹੈ।