sikh dhram vich dsvand: ਗੁਰੂ ਅਰਜਨ ਦੇਵ ਜੀ ਦੀ ਗੁਰਿਆਈ ਸਮੇਂ ਸਿੱਖ ਧਰਮ ਨੂੰ ਹੋਰ ਸੰਗਠਿਤ ਕਰਨ ਦੀ ਜ਼ਰੂਰਤ ਪੈ ਗਈ ਸੀ।ਗੁਰੂ ਜੀ ਨੇ ਇੱਕ ਹੋਰ ਸੋਹਣੀ ਪਿਰਤ ਪਾਈ।ਉਨਾਂ੍ਹ ਨੇ ਆਗਿਆ ਕੀਤੀ ਕਿ ਹਰ ਗੁਰਸਿੱਖ ਆਪਣੀ ਕਿਰਤ ‘ਚੋਂ ਦਸਵੰਧ ਗੁਰੂ ਘਰ ਨੂੰ ਦੇਵੇ।ਇਸ ਤਰ੍ਹਾਂ ਸਿੱਖਾਂ ਦੇ ਨਵੇਂ ਅਸਥਾਨ ਬਣਾਉਣ ‘ਤੇ ਸੰਗਤਾਂ ਲਈ ਲੰਗਰ ਆਦਿ ਦੇ ਕਾਰਜ ਚੰਗੇ ਢੰਗ ਨਾਲ ਹੋਣ ਲੱਗੇ।ਗੁਰੂ ਘਰ ਦੀ ਸ਼ੋਭਾ ਦਿਨੋਂ-ਦਿਨ ਵੱਧ ਰਹੀ ਸੀ।ਕਈਆਂ ਨੂੰ ਸਿੱਖ-ਸੰਗਤਾਂ ਦੀਆਂ ਰੌਣਕਾਂ ਵੇਖ-ਵੇਖ ਈਰਖਾ ਵੀ ਹੋ ਰਹੀ ਸੀ।ਪ੍ਰਿਥੀ ਚੰਦ ਵਲੋਂ ਵਿਰੋਧ ਜਾਰੀ ਸੀ।ਹੋਰ ਕਿੰਨੇ ਹੀ ਅਜਿਹੇ ਲੋਕ ਜੋ ਭੋਲੇ-ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ‘ਚ ਪਾ ਕੇ ਆਪਣੇ ਪੇਟ ਮੋਟੇ ਕਰ ਰਹੇ ਸਨ, ਉਨਾਂ੍ਹ ਨੂੰ ਵੀ ਆਪਣੇ ਧੰਦੇ ‘ਚ ਮੰਦਾ ਆਉਂਦਾ ਲੱਗਿਆ।ਗੱਲ ਕੀ, ਗੁਰੂ ਜੀ ਦਾ ਵਿਰੋਧ, ਸ਼ਿਕਾਇਤਾਂ ਬਣ ਕੇ ਮੁਗਲ ਬਾਦਸ਼ਾਹ ਜਹਾਂਗੀਰ ਕੋਲ ਪੁੱਜ ਗਿਆ।
ਕੱਟੜ ਮੁਸਲਮਾਨ ਆਗੂਆਂ ਨੇ ਉਸਦੇ ਕੰਨ ਪਹਿਲਾਂ ਹੀ ਭਰੇ ਹੋਏ ਸਨ।ਉਸ ਨੇ ਲਾਹੌਰ ਦੇ ਦੌਰੇ ਸਮੇਂ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ।ਸਿੱਖ ਧਰਮ ਵਿੱਚ ਦਸਵੰਧ ਦਾ ਬਹੁਤ ਸਤਿਕਾਰਤ ਅਤੇ ਆਰਥਿਕ ਮਹੱਤਵ ਹੈ। ਇਸ ਦੀ ਸ਼ੁਰੂਆਤ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ। ਦਸਵੰਧ ਪ੍ਰਥਾ ਅਸਲ ਵਿੱਚ ਮਸੰਦ ਪ੍ਰਥਾ ਦਾ ਹੀ ਨਿੱਖਰਿਆ ਰੂਪ ਹੈ। ਇਹ ਇੱਕ ਨਿਮਾਣੇ ਅਤੇ ਸੱਚੇ ਸਿੱਖ ਲਈ ਆਪਣੀ ਕਿਰਤ-ਕਮਾਈ ਵਿੱਚੋਂ ਗੁਰਮਤਿ ਤੇ ਲੋਕ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲਾਜ਼ਮੀ ਕੀਤਾ ਗਿਆ ਇੱਕ ਮਾਲੀ ਯੋਗਦਾਨ ਹੈ। ਹਰੇਕ ਸਿੱਖ ਆਪਣੀ ਨੇਕ ਕਮਾਈ ਦਾ ਦਸਵਾਂ ਹਿੱਸਾ ਗੁਰੂ ਘਰ ਨੂੰ ਅਰਪਿਤ ਕਰ ਕੇ ਗੁਰੂ ਦੀਆਂ ਖ਼ੁਸ਼ੀਆਂ ਦਾ ਪਾਤਰ ਬਣਦਾ ਹੈ।
ਕਈ ਵਾਰ ਦਸਵੰਧ ਨੂੰ ਦਾਨ-ਪੁੰਨ ਵਜੋਂ ਵੀ ਤਸਲੀਮ ਕਰ ਲਿਆ ਜਾਂਦਾ ਹੈ ਪਰ ਦਾਨ ਦੀ ਧਾਰਨਾ ਕਰਮਕਾਂਡੀ ਵਿਧੀ-ਵਿਧਾਨ ਨਾਲ ਜੁੜੀ ਹੋਈ ਹੋਣ ਕਰਕੇ ਮਨੁੱਖ ਨੂੰ ਮੁਕਤੀ ਦਾ ਲਾਰਾ ਲਾਉਂਦੀ ਹੈ,ਜਿਸ ਦੀ ਸਿੱਖੀ ਸਿਧਾਂਤ ਵਿੱਚ ਕੋਈ ਥਾਂ ਨਹੀਂ ਹੈ। ਇਸ ਦੇ ਨਾਲ ਹੀ ਦਾਨ ਵਿਹਲੜਾਂ ਅਤੇ ਮੰਗਤਿਆਂ ਨੂੰ ਕਿਰਤ-ਸੱਭਿਆਚਾਰ ਤੋਂ ਬੇਮੁੱਖ ਕਰੀ ਰੱਖਦਾ ਹੈ। ਦਸਵੰਧ ਦੀ ਰਕਮ ਸਿੱਖਾਂ ਵੱਲੋਂ ਸਵੈ-ਇੱਛਾ ਨਾਲ ਦਿੱਤੀ ਜਾਂਦੀ ਹੈ ਜੋ ਪਹਿਲ ਦੇ ਆਧਾਰ ’ਤੇ ਰੂਹਾਨੀ ਖ਼ੁਰਾਕ ਦੇਣ ਵਾਲੇ ਧਰਮ ਕਾਰਜਾਂ ਹਿੱਤ ਵਰਤੀ ਜਾਂਦੀ ਹੈ। ਇਹ ਖ਼ੁਰਾਕ ਸਾਧ-ਸੰਗਤ ਦੇ ਮਿਲਾਪ,ਗੁਰਬਾਣੀ ਕੀਰਤਨ ਅਤੇ ਗੁਰੂ ਉਪਦੇਸ਼ ਰਾਹੀਂ ਪ੍ਰਾਪਤ ਹੁੰਦੀ ਹੈ।
ਭਾਵੇਂ ਦਸਵੰਧ ਦੀ ਵਧੇਰੇ ਲੋੜ ਗੁਰੂ ਅਰਜਨ ਦੇਵ ਜੀ ਦੇ ਸਮੇਂ ਮਹਿਸੂਸ ਕੀਤੀ ਗਈ ਪਰ ਇਸ ਦੀ ਹਾਮੀ ਪੂਰਵਕਾਲੀ ਗੁਰੂਆਂ ਨੇ ਵੀ ਭਰੀ ਸੀ। ਜਦੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਅਕਬਰ ਬਾਦਸ਼ਾਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਦਰਸ਼ਨ-ਦੀਦਾਰ ਲਈ ਆਇਆ ਤਾਂ ਉਸ ਨੂੰ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ-ਪਾਣੀ ਛਕਣਾ ਪਿਆ। ਗੁਰੂ ਘਰ ਦੀ ਸਾਂਝੀਵਾਲਤਾ ਵਾਲੀ ਇਹ ਮਰਯਾਦਾ ਵੇਖ ਕੇ ਉਹ ਬਹੁਤ ਪ੍ਰਸੰਨ ਹੋਇਆ ਤੇ ਜਦੋਂ ਉਸ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਕੇ ਲੰਗਰ ਵਾਸਤੇ ਜਗੀਰ ਦੇਣ ਦੀ ਗੱਲ ਕਹੀ ਤਾਂ ਗੁਰੂ ਜੀ ਨੇ ਕਿਹਾ,‘‘ਗੁਰੂ ਕਾ ਲੰਗਰ ਸ਼ਰਧਾਲੂਆਂ ਦੀ ਕਿਰਤ-ਕਮਾਈ ਨਾਲ ਹੀ ਚੱਲਣਾ ਚਾਹੀਦਾ ਹੈ।’’ ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਘਰ ਕਿਸੇ ਜਗੀਰ ਜਾਂ ਅਮੀਰ ਦਾ ਮੁਥਾਜ ਨਹੀਂ ਸਗੋਂ ਆਪਣੇ ਸਿਦਕੀ ਸਿੱਖਾਂ ਦੀ ਨੇਕ ਕਮਾਈ ਵਿੱਚੋਂ ਨਿਕਲੇ ਦਸਵੰਧ ਨਾਲ ਚੱਲਦਾ ਆ ਰਿਹਾ ਹੈ।