Special on Hola-Mahalla: Festival symbolizing Khalsa Jaho-Jalal: ਹੋਲਾ-ਮਹੱਲਾ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਖ਼ਾਲਸੇ ਦੀ ਜਨਮ ਅਤੇ ਕਰਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਇਹ ਖ਼ਾਲਸਾ ਪੰਥ ਦੇ ਨਿਆਰੇਪਣ ਦਾ ਪ੍ਰਤੀਕ ਹੈ।ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ-ਮਹੱਲਾ’ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿਚ ਨਿਪੁੰਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸਬੰਧ ਯੁੱਧ-ਪ੍ਰਕ੍ਰਿਆ ਨਾਲ ਜੋੜਿਆ।
ਦਰਅਸਲ ਹੋਲਾ ਤੇ ਮਹੱਲਾ ਦੋ ਵੱਖ-ਵੱਖ ਸ਼ਬਦ ਹਨ।ਹੋਲੀ ਅਤੇ ਹੋਲੇ ਮੁਹੱਲੇ ਵਿਚ ਕਾਫੀ ਫਰਕ ਹੈ ਹੋਲੀ ਜਿਥੇ ਰੰਗ ਦਾ ਤਿਓਹਾਰ ਹੈ ਉਥੇ ਹੀ ਹੌਲ਼ਾ ਮੁਹੱਲਾ ਖਾਸਲਾਸਾਈ ਜਾਹੋਜਲਾਲ ਅਤੇ ਸ਼ਸ਼ਤਰ ਵਿਦਿਆ ਦੇ ਜੌਹਰ ਦਿਖਾ ਕੇ ਮਨਾਇਆ ਜਾਂਦਾ ਹੈ। ਪਰ ਅਜ ਕੱਲ ਦੇ ਸਮੇ ਨੂੰ ਦੇਖਦੇ ਹੋਏ ਭਾਈ ਕਾਹਨ ਸਿੰਘ ਜੀ ਇਹ ਵੀ ਲਿਖਦੇ ਹਨ ਕਿ ਬੜੀ ਦੁੱਖ ਦੀ ਗੱਲ ਹੈ ਅੱਜ ਦੀ ਪੀੜੀ ਨੇ ਸ਼ਸ਼ਤਰ ਵਿਦਿਆ ਨੂੰ ਕੌਮੀ ਵਿਦਿਆ ਨਹੀਂ ਮੰਨਿਆ ਅਤੇ ਸਿਰਫ ਫੋਜੀਆਂ ਦਾ ਹੀ ਕਰਤਵ ਮੰਨ ਲਿਆ ਹੈ। ਜਦੋ ਕਿ ਦੇਸ਼ਮੇਸ਼ ਪਿਤਾ ਜੀ ਹਰ ਇਕ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਹੋਣ ਦਾ ਵੀ ਉਦੇਸ਼ ਦੇ ਕੇ ਗਏ ਹਨ ਅਤੇ ਇਕ ਸਿੱਖ ਬਿਨਾ ਸ਼ਸ਼ਤਰ ਵਿਦਿਆ ਅਧੂਰਾ ਹੈ।ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਹੋਲਾ ਮਹੱਲਾ ਦੇ ਰੂਪ ਵਿਚ ਮਨਾਏ ਜਾਂਦੇ ਇਸ ਜੰਗਜੂ ਤਿਉਹਾਰ ਸਮੇਂ ਸਿੰਘਾਂ ਦੀਆਂ ਆਪਸ ਵਿਚ ਲੜੀਆਂ ਜਾਂਦੀਆਂ ਅਭਿਆਸ ਰੂਪੀ ਮਸਨੂਈ ਲੜਾਈਆਂ ਨੇ ਭਾਰਤੀ ਲੋਕਾਂ ਦੇ ਮਨੋ-ਬਲ ਨੂੰ ਉੱਚਾ ਕੀਤਾ।
ਲੋਕ ਕਾਇਰਤਾ ਭਰੇ ਮਾਹੌਲ ‘ਚੋਂ ਨਿਕਲ ਕੇ ਇਸ ਉਤਸਵ ਵਿਚ ਬੜੇ ਜੋਸ਼ ਤੇ ਸਜ-ਧਜ ਕੇ ਕਾਫ਼ਲਿਆਂ ਦੇ ਰੂਪ ਵਿਚ ਸ਼ਾਮਿਲ ਹੋਣ ਲੱਗੇ। ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ, ਧਰਮ ਦਾ ਚਿੰਨ੍ਹ ਅਤੇ ਰਾਜ ਦਾ ਰਾਖਾ:-
ਸ਼ਸਤਰਨ ਕੇ ਅਧੀਨ ਹੈ ਰਾਜ।
ਜੋ ਨ ਧਰਹਿ ਤਿਸ ਬਿਗਰੈ ਕਾਜ।
ਯਾਤੇ ਸਰਬ ਖ਼ਾਲਸਾ ਸੁਣਿਆਹਿ।
ਆਯੁਧ ਧਰਯੋ ਉਤਮ ਗੁਣ ਆਹਿ।
ਜਬ ਹਮਰੇ ਦਰਸ਼ਨ ਆਵਹੁ।
ਬਨ ਸੁਚੇਤ ਸ਼ਸਤਰ ਸਜਾਵਹੁ।
ਕਮਰ ਕਸਾ ਕਰ ਦਿਹੁ ਦਿਖਾਈ।
ਹਮਰੀ ਖੁਸ਼ੀ ਹੋਇ ਅਧਕਾਈ।’ਹੋਲਾ ਮਹੱਲਾ’ ਸਾਨੂੰ ਇੱਕ ਉਪਦੇਸ਼ ਦਿੰਦਾ ਹੈ ਕਿ ਜੀਵਨ ਅੰਦਰ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ,ਸਵੈ-ਮਾਣ, ਮਨੁੱਖ ਆਜ਼ਾਦੀ ‘ਤੇ ਖ਼ਾਲਸਾਈ ਜਜ਼ਬੇ ਦੀ ਭਾਵਨਾ ਨੂੰ ਮਰਨ ਨਹੀਂ ਦੇਣਾ ਹੈ।ਸੋ ਸਾਨੂੰ ਖਾਲਸਾ ਪੰਥ ਦੀ ਵਿਲੱਖਣਤਾ ਦੇ ਪ੍ਰਤੀਕ ਹੋਲਾ ਮਹੱਲਾ ਦੀ ਭਾਵਨਾ ਅਨੁਸਾਰ ਸੱਚਾ ਉੱਦਮੀ ਜੀਵਨ ਜਿਉਣ ਦੀ ਪ੍ਰੇਰਨਾ ਲੈਂਦਿਆਂ ਅੱਗੇ ਵਧਣਾ ਚਾਹੀਦਾ ਹੈ।