Sri Japji Sahib First Part : ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਜਪੁਜੀ ਸਾਹਿਬ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਬਾਣੀ ਹੈ। ਗੁਰੂ ਦੇ ਸਿੱਖ ਲਈ ਜਪੁਜੀ ਸਾਹਿਬ ਦਾ ਵਿਸ਼ੇਸ਼ ਮਹੱਤਵ ਹੈ। ਇਹ ਅੰਮ੍ਰਿਤ ਵੇਲੇ ਦੇ ਨਿਤਨੇਮ ਦਾ ਹਿੱਸਾ ਹਨ। ਅੰਮ੍ਰਿਤ ਸੰਚਾਰ ਦੀ ਪ੍ਰਕਿਰਿਆ ਵੇਲੇ ਅੰਮ੍ਰਿਤ ਤਿਆਰ ਕਰਦਿਆਂ ਜਿਨ੍ਹਾਂ ਪੰਜਾਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਹੈ ਉਨ੍ਹਾਂ ਵਿੱਚੋਂ ਜਪੁਜੀ ਸਾਹਿਬ ਇੱਕ ਹੈ। ਜਪੁਜੀ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ-ਰੂਪ ਮੰਨਿਆ ਜਾਂਦਾ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਇਸ ਵਿੱਚ ਮੂਲ ਮੰਤਰ 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸ਼ੁਭਾਇਮਾਨ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ ਹਨ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ। ਆਓ ਸਮਝੀਏ ਇਸ ਇਲਾਹੀ ਬਾਣੀ ਦੇ ਅਰਥਾਂ ਨੂੰ :
ਜਪੁਜੀ ਸਾਹਿਬ ਦੀ ਸ਼ੁਰੂਆਤ ਮੂਲ ਮੰਤਰ ਨਾਲ ਹੁੰਦੀ ਹੈ। ਮੂਲ ਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਰੱਬੀ ਬਖਸ਼ਿਸ਼ ਰਾਹੀਂ ਜੋ ਸਭ ਤੋਂ ਪਹਿਲਾਂ ਪ੍ਰਾਪਤ ਹੋਇਆ ਉਹ ਹੈ ‘ਮੂਲ ਮੰਤਰ’। ‘ਮੂਲ‘ (ਪਰਮਾਤਮਾ) ਦਾ ਪ੍ਰਗਟਾਵਾ ਹੈ। ਮੂਲ ਮੰਤਰ ਵਿੱਚ ਗੁਰੂ ਸਾਹਿਬ ਨੇ ਸਾਨੂੰ ਅਕਾਲ ਪੁਰਖ ਤੇ ਅਸਲ ਰੂਪ ਨਾਲ ਜਾਣੂ ਕਰਵਾ ਦਿੱਤਾ ਹੈ। ਅਸਲ ਵਿੱਚ ਮੂਲ ਮੰਤਰ ਸਭ ਤੋਂ ਉੱਪਰ ਹੈ, ਜਿਸ ਨਾਲ ਪ੍ਰਮਾਤਮਾ ਦੀ ਉਸਤਿਤ ਕੀਤੀ ਜਾ ਸਕਦੀ ਹੈ।
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ੴ- ਇੱਕ ਓਮ ਹੈ (ਪ੍ਰਮਾਤਮਾ ਇਕ ਹੀ ਹੈ) ; ਸਤਿਨਾਮ- ਉਸਦਾ ਨਾਮ ਸੱਚਾ ਹੈ ; ਕਰਤਾ ਪੁਰਖੁ- ਓਹੀਓ ਸਬ ਕੁਝ ਕਰਨ ਵਾਲਾ, ਸਬਣਾ ਨੂੰ ਬਣਾਉਣ ਵਾਲਾ ਓਹੀਓ ਹੈ; ਨਿਰਭਉ- ਉਸਨੂੰ ਕਿਸੇ ਦਾ ਕੋਈ ਡਰ ਨੀ, ਉਹ ਸਬ ਡਰ ਤੋਂ ਪਰੇ ਹੈ; ਨਿਰਵੈਰੁ- ਉਸਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ, ਉਹ ਸਬ ਵੈਰਾਂ ਤੋਂ ਪਰੇ ਹੈ; ਅਕਾਲ ਮੂਰਤਿ- ਓਹੀਓ ਨਿਰਾਕਾਰ ਹੈ, ਅਕਾਲ ਹੈ, ਸਮੇਂ ਦਾ ਉਸਤੇ ਕੋਈ ਪ੍ਰਭਾਵ ਨਹੀਂ; ਅਜੂਨੀ ਸੈਭੰ- ਉਸਦਾ ਨਾ ਜਨਮ ਹੈ ਤੇ ਨਾ ਹੀ ਮਰਨ ਹੈ, ਉਹ ਆਪੇ ਹੀ ਪ੍ਰਕਾਸ਼ਿਤ ਹੈ , ਉਸਨੂੰ ਰਚਣ ਵਾਲਾ ਕੋਈ ਨਹੀਂ; ਗੁਰ ਪ੍ਰਸਾਦਿ-ਉਹ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। (ਬਾਕੀ ਅਗਲੇ ਹਿੱਸੇ ‘ਚ…)