Sri Japji Sahib (Part 14th) : ਸ੍ਰੀ ਜਪੁਜੀ ਸਾਹਿਬ ਵਿੱਚ ਪਹਿਲੇ ਪਾਤਸ਼ਾਹ ਨੇ ਅਕਾਲ ਪੁਰਖਾਂ ਦਾ ਗੁਣਾਂ ਦਾ ਬਖਾਨ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਦੇ ਗੁਣ ਵੀ ਅਮੋਲਕ ਹਨ, ਜਿਨ੍ਹਾਂ ਦਾ ਕੋਈ ਵੀ ਮਨੁੱਖ ਮੁੱਲ ਨਹੀਂ ਪਾ ਸਕਦਾ। ਉਹ ਕਿਸ ਕਦਰ ਸਾਡੇ ‘ਤੇ ਅਮੋਲਕ ਬਖਸ਼ਿਸ਼ਾਂ ਕਰਦਾ ਹੈ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਹੈ। ਕਈ ਵਿਦਵਾਨ ਉਸ ਦਾ ਬਖਾਨ ਕਰਦੇ ਹਨ ਪਰ ਅਸਲ ਵਿੱਚ ਉਹ ਵੀ ਉਸ ਅਕਾਲ ਪੁਰਖ ਨੂੰ ਨਹੀਂ ਜਾਣਦੇ ਕਿਉਂਕਿ ਉਹ ਹਰ ਕਿਸੇ ਦੇ ਅੰਦਾਜ਼ੇ ਤੋਂ ਪਰੇ ਹੈ।
ਅਮੁਲ ਗੁਣ ਅਮੁਲ ਵਾਪਾਰ ॥ ਅਮੁਲ ਵਾਪਾਰੀਏ ਅਮੁਲ ਭੰਡਾਰ ॥ ਅਮੁਲ ਆਵਹਿ ਅਮੁਲ ਲੈ ਜਾਹਿ ॥ ਅਮੁਲ ਭਾਇ ਅਮੁਲਾ ਸਮਾਹਿ ॥ ਅਮੁਲੁ ਧਰਮੁ ਅਮੁਲੁ ਦੀਬਾਣੁ ॥ ਅਮੁਲੁ ਤੁਲੁ ਅਮੁਲੁ ਪਰਵਾਣੁ ॥ ਅਮੁਲੁ ਬਖਸੀਸ ਅਮੁਲੁ ਨੀਸਾਣੁ ॥ ਅਮੁਲੁ ਕਰਮੁ ਅਮੁਲੁ ਫੁਰਮਾਣੁ ॥
ਅਕਾਲ ਪੁਰਖ ਦੇ ਗੁਣ ਅਮੋਲਕ ਹਨ (ਭਾਵ, ਗੁਣਾਂ ਦਾ ਮੁੱਲ ਨਹੀਂ ਪੈ ਸਕਦਾ), ਇਨ੍ਹਾਂ ਗੁਣਾਂ ਦੇ ਵਪਾਰ ਕਰਨੇ ਵੀ ਅਮੋਲਕ ਹਨ। ਉਨ੍ਹਾਂ ਮਨੁੱਖਾਂ ਦਾ ਵੀ ਮੁੱਲ ਨਹੀਂ ਪੈ ਸਕਦਾ, ਜੋ ਅਕਾਲ ਪੁਰਖ ਦੇ ਗੁਣਾਂ ਦੇ ਵਪਾਰ ਕਰਦੇ ਹਨ, ਗੁਣਾਂ ਦੇ ਖ਼ਜ਼ਾਨੇ ਵੀ ਅਮੋਲਕ ਹਨ। ਉਨ੍ਹਾਂ ਮਨੁੱਖਾਂ ਦਾ ਮੁੱਲ ਨਹੀਂ ਪੈ ਸਕਦਾ, ਜੋ ਇਸ ਵਪਾਰ ਲਈ ਜਗਤ ਵਿਚ ਆਉਂਦੇ ਹਨ। ਉਹ ਵੀ ਵੱਡੇ ਭਾਗਾਂ ਵਾਲੇ ਹਨ, ਜੋ ਇਹ ਸੌਦਾ ਖ਼ਰੀਦ ਕੇ ਲੈ ਜਾਂਦੇ ਹਨ। ਜੋ ਮਨੁੱਖ ਅਕਾਲ ਪੁਰਖ ਦੇ ਪ੍ਰੇਮ ਵਿਚ ਹਨ ਅਤੇ ਜੋ ਮਨੁੱਖ ਉਸ ਅਕਾਲ ਪੁਰਖ ਵਿਚ ਲੀਨ ਹੋਏ ਹੋਏ ਹਨ, ਉਹ ਵੀ ਅਮੋਲਕ ਹਨ। ਅਕਾਲ ਪੁਰਖ ਦੇ ਕਾਨੂੰਨ ਤੇ ਰਾਜ-ਦਰਬਾਰ ਅਮੋਲਕ ਹਨ। ਉਹ ਤੱਕੜ ਅਮੋਲਕ ਹਨ ਤੇ ਉਹ ਵੱਟਾ ਅਮੋਲਕ ਹੈ ਜਿਸ ਨਾਲ ਜੀਵਾਂ ਦੇ ਚੰਗੇ-ਮੰਦੇ ਕੰਮਾਂ ਨੂੰ ਤੋਲਦਾ ਹੈ । ਉਸ ਦੀ ਬਖ਼ਸ਼ਿਸ਼ ਤੇ ਬਖ਼ਸ਼ਿਸ਼ ਦੇ ਨਿਸ਼ਾਨ ਵੀ ਅਮੋਲਕ ਹਨ। ਅਕਾਲ ਪੁਰਖ ਦੀ ਬਖਸ਼ਿਸ਼ ਤੇ ਹੁਕਮ ਵੀ ਮੁੱਲ ਤੋਂ ਪਰੇ ਹਨ ਭਾਵ ਕਿਸੇ ਦਾ ਵੀ ਅੰਦਾਜ਼ਾ ਨਹੀਂ ਲੱਗ ਸਕਦਾ।
ਅਮੁਲੋ ਅਮੁਲੁ ਆਖਿਆ ਨ ਜਾਇ ॥ ਆਖਿ ਆਖਿ ਰਹੇ ਲਿਵ ਲਾਇ ॥ ਆਖਹਿ ਵੇਦ ਪਾਠ ਪੁਰਾਣ ॥ ਆਖਹਿ ਪੜੇ ਕਰਹਿ ਵਖਿਆਣ ॥ ਆਖਹਿ ਬਰਮੇ ਆਖਹਿ ਇੰਦ ॥ ਆਖਹਿ ਗੋਪੀ ਤੈ ਗੋਵਿੰਦ ॥
ਅਕਾਲ ਪੁਰਖ ਸਭ ਅੰਦਾਜ਼ਿਆਂ ਤੋਂ ਪਰੇ ਹੈ, ਉਸ ਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ। ਜੋ ਮਨੁੱਖ ਧਿਆਨ ਜੋੜ-ਜੋੜ ਕੇ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ, ਉਹ (ਅੰਤ ਨੂੰ) ਰਹਿ ਜਾਂਦੇ ਹਨ। ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਵਿਦਵਾਨ ਮਨੁੱਖ ਵੀ ਜੋ ਹੋਰਨਾਂ ਨੂੰ ਉਪਦੇਸ਼ ਕਰਦੇ ਹਨ, ਅਕਾਲ ਪੁਰਖ ਦਾ ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਗਾਉਂਦੇ ਹਨ।