Sri Japji Sahib Part Fifth : ਸ੍ਰੀ ਜਪੁਜੀ ਸਾਹਿਬ ਦੀਆਂ ਅਗਲੀਆਂ ਪਉੜੀਆਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦੀ ਸਿਫਤ-ਸਲਾਹ ਕੀਤੀ ਹੈ। ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਹੀਂ ਪਈ ਤਾਂ ਕੋਈ ਸਾਡੀ ਖਬਰ ਨਹੀਂ ਪੁੱਛੇਗਾ, ਇਸ ਲਈ ਸਭ ਕੁਝ ਕਰਦਿਆਂ ਨਾਮ ਜਪਣਾ ਜ਼ਰੂਰੀ ਹੈ। ਅਕਾਲ ਪੁਰਖ ਦੇ ਦਰਬਾਰ ਵਿੱਚ ਮਾਣ ਪ੍ਰਾਪਤ ਕਰਨ ਲਈ ਚੰਗੇ ਕਰਮਾਂ ਦੇ ਨਾਲ-ਨਾਲ ਉਸ ਦੀ ਨਦਰ ਹੋਣੀ ਜ਼ਰੂਰੀ ਹੈ।
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥ ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥ ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥ ਗੁਰਾ ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥6॥
ਜੋ ਉਸ ਨੂੰ ਚੰਗਾ ਲਗੇ ਉਹੀ ਮੇਰੇ ਲਈ ਤੀਰਥ ਇਸ਼ਨਾਨ ਹੈ। ਉਸ ਅਕਾਲ ਪੁਰਖ ਨੂੰ ਜੇਕਰ ਚੰਗਾ ਨਹੀਂ ਲੱਗਦਾ ਤਾਂ ਇਨ੍ਹਾਂ ਧਾਰਮਿਕ ਰਹੁ-ਰੀਤਾਂ ਮੇਰੇ ਲਈ ਕਿਸੇ ਤਰ੍ਹਾਂ ਤੋਂ ਚੰਗੀਆਂ ਨਹੀਂ। ਸਾਰੀ ਸ੍ਰਿਸ਼ਟੀ ਜੋ ਮੈਂ ਵੇਖ ਰਿਹਾ ਹਾਂ, ਪ੍ਰਮਾਤਮਾ ਦੀ ਕਿਰਪਾ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ। ਸਾਡੀ ਸੋਚ ਦੇ ਅੰਦਰ ਗੁਣਾਂ ਦੇ ਰਤਨ, ਜਵਾਹਰ ਤੇ ਮੋਤੀ ਉਪਜ ਪੈਂਦੇ ਹਨ, ਜੇਕਰ ਉਸ ਵਾਹਿਗੁਰੂ ਦੀ ਇਕ ਸਿੱਖਿਆ ਨੂੰ ਸੁਣ ਲਈਏ। ਗੁਰੂ ਨੇ ਹੀ ਮੈਨੂੰ ਇਹ ਸਮਝ ਦਿੱਤੀ ਹੈ ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਅਕਾਲ ਪੁਰਖ ਹੈ, ਉਸ ਨੂੰ ਕਦੇ ਨਾ ਵਿਸਰੋ।
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥7॥
ਜੇਕਰ ਕੋਈ ਤਪ ਨਾਲ ਆਪਣੀ ਉਮਰ ਚਾਰ ਜੁਗਾਂ ਜਿੰਨੀ ਕਰ ਲਵੇ, ਪ੍ਰਿਥਿਵੀ ਦੇ ਨੋਂ ਖੰਡਾ ਵਿਚ ਹਰ ਕੋਈ ਉਸ ਨੂੰ ਜਾਣਦਾ ਹੋਵੇ, ਚੰਗਾ ਨਾਮਨਾ ਖਟ ਕੇ ਸੰਸਾਰੀ ਸੋਭਾ ਪਾ ਲਵੇ ਪਰ ਜੇ ਉਹ ਉਸ ਪ੍ਰਮਾਤਮਾ ਦੀ ਨਦਰਿ ਦਾ ਪਾਤਰ ਨਹੀਂ ਤਾਂ ਉਸਦਾ ਕੁਝ ਨਹੀਂ ਹੋ ਸਕਦਾ, ਉਸ ਨੂੰ ਕੋਈ ਨਹੀਂ ਪੁੱਛੇਗਾ। ਉਹ ਉਸ ਪ੍ਰਮਾਤਮਾ ਨੂੰ ਭੁਲ ਕੇ ਕੀੜਿਆਂ ਦੀ ਜੂਨ ਵਿਚ ਹੀ ਜਾਵੇਗਾ ਅਤੇ ਦੋਸ਼ੀ ਵੀ ਉਸ ਵਿੱਚ ਦੋਸ਼ ਹੀ ਦੇਖਣਗੇ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਅਕਾਲ ਪੁਰਖ ਅਜਿਹੇ ਪ੍ਰਾਣੀ ‘ਤੇ ਵੀ ਬਖਸ਼ਿਸ਼ਾਂ ਕਰਨ ਵਾਲਾ ਹੈ, ਇਸ ਨੂੰ ਕੋਈ ਸੋਚ ਵੀ ਨਹੀਂ ਸਕਦਾ ਕਿ ਉਹ ਕਿਸ ‘ਤੇ ਬਖਿਸ਼ਸ਼ ਕਰ ਦੇਵੇ। (ਚੱਲਦਾ….)