The foundation stone of Sri Harmandir : ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ ਸਨੇਹੀ ਸਾਈਂ ਮੀਆਂ ਮੀਰ ਮੁਅਈਨ-ਉਲ-ਇਸਲਾਮ ਦਾ ਜਨਮ 957 ਹਿਜ਼ਰੀ ਮੁਤਾਬਕ ਸੰਨ 1550 ਵਿਚ ਸੀਸਤਾਨ (ਸਿੰਧ) ਵਿਖੇ ਪਿਤਾ ਕਾਜ਼ੀ ਸਾਈਂ ਦਿੱਤਾ ਦੇ ਘਰ ਮਾਤਾ ਬੀਬੀ ਫ਼ਾਤਿਮਾ (ਪੁੱਤਰੀ ਕਾਜ਼ੀ ਕਦਨ) ਦੀ ਕੁੱਖੋਂ ਹੋਇਆ। ਪਿਤਾ ਦੇ ਕਾਜ਼ੀ ਹੋਣ ਕਾਰਨ ਉਨ੍ਹਾਂ ਦਾ ਮਨ ਧਾਰਮਿਕ ਵਿਚਾਰਾਂ ਵਾਲਾ ਸੀ। ਮਾਂ ਇਕ ਧਾਰਮਿਕ ਔਰਤ ਸੀ। ਧਾਰਮਿਕ ਬਿਰਤੀ ਹੋਣ ਕਰਕੇ ਸਾਦਗੀ, ਨਿਮਰਤਾ, ਘਟ ਬੋਲਣਾ ਤੇ ਦਿਲ ਦੀ ਪਵਿੱਤਰਤਾ ਦੇ ਗੁਣਾਂ ਦੇ ਮਾਲਿਕ ਸਨ। ਸ਼ੇਖ ਖਿਜਰ ਜੀ ਨੂੰ ਮੁਰਸ਼ਦ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਲਾਹੌਰ ਦੇ ਬਾਹਰ ਬ੍ਰਹਮਪੁਰਾ ਵਿਚ ਆਪਣਾ ਆਸਣ ਲਾਇਆ। ਇਸ ਸਥਾਨ ਨੂੰ ਮੀਆਂ ਮੀਰ ਆਖਿਆ ਜਾਂਦਾ ਹੈ।
ਮਧਕਾਲੀਨ ਸਮੇਂ (ਭਾਵ ਮੀਆਂ ਮੀਰ ਜੀ ਤੇ ਗੁਰੂ ਅਰਜਨ ਦੇਵ ਜੀ ਵਕਤ) ਸਾਰੇ ਸਾਈਂ ਮੁਸਲਮਾਨ ਤੇ ਸਿੱਖ ਆਪੋ-ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਸਨ। ਇਹ ਦੋਵੇਂ ਧਰਮਾਂ ਦੇ ਮਹਾਂਪੁਰਸ਼ ਅਧਿਆਤਮਿਕ ਸਾਂਝ ਕਾਰਨ ਇਕ ਦੂਜੇ ਦੇ ਬਹੁਤ ਨਜ਼ਦੀਕ ਸਨ। ਇਹ ਪਿਆਰ ਚੌਥੇ ਪਾਤਸ਼ਾਹ ਗੁਰੂ ਰਾਮ ਦਾਸ ਜੀ ਤੋਂ ਹੀ ਸ਼ੁਰੂ ਹੋ ਗਿਆ ਸੀ। ਗੁਰੂ ਰਾਮ ਦਾਸ ਜੀ ਤੇ ਮੀਆਂ ਮੀਰ ਜੀ ਚੂਨਾ ਮੰਡੀ ਲਾਹੌਰ ਅਧਿਆਤਮਕ ਗੱਲਾਂ ਵਿਚ ਸਾਂਝ ਪਾਉਂਦੇ ਸਨ। ਬਾਅਦ ਵਿਚ ਗੁਰੂ ਅਰਜਨ ਦੇਵ ਜੀ ਉਥੇ ਆਪਣੇ ਪਿਤਾ ਦੀ ਜਨਮ ਭੂਮੀ ਵੇਖਣ ਦੇ ਚਾਅ ਤੇ ਪਿਆਰ ਵਿਚ ਜਾਂਦੇ ਸਨ। ਇਸ ਤਰ੍ਹਾਂ ਇਕ ਵਾਰ ਮੀਆਂ ਮੀਰ ਜੀ ਨੂੰ ਮਿਲੇ। ਦੋਵੇਂ ਇਕੋ ਵਿਚਾਰ ਦੇ ਭਾਵ ਇਕ ਅੱਲਾ ਤੇ ਦੂਜਾ ਵਾਹਿਗੁਰੂ ਦਾ ਉਪਾਸ਼ਕ ਮਿਲ ਕੇ ਮਨ ਖੁਸ਼ ਹੋਏ।
ਦੋਵੇਂ ਸ਼ਾਂਤ ਚਿੱਤ ਸਨ। 1588 ਈ. ਨੂੰ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਦੀ ਵਿਉਂਤ ਪੱਕੀ ਕੀਤੀ। ‘‘ਇਹ ਚੌਹਾਂ ਵਰਨਾਂ ਲਈ ਖੁੱਲ੍ਹਾ, ਧਰਮਾਂ ਦਾ ਵਿਤਕਰਾ ਮਿਟਾਉਣ ਵਾਲਾ, ਪੂਰਬ ਪੱਛਮ ਨੂੰ ਮਿਲਾਉਣ ਵਾਲਾ ਤੇ ਕੀਰਤਨ ਦਾ ਗੜ੍ਹ ਬਣਾਉਣ ਦਾ ਫੈਸਲਾ ਕੀਤਾ।’’ ਇਤਿਹਾਸ ਦੱਸਦਾ ਹੈ ਕਿ ਜਦ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਧਰਨ ਲੱਗੇ ਤਾਂ ਉਸ ਸਮੇਂ ਗੁਰੂ ਜੀ ਨੇ ਕਈ ਸਾਧਾਂ, ਸੰਤਾਂ ਤੇ ਪੀਰਾਂ ਫ਼ਕੀਰਾਂ ਨੂੰ ਸੱਦਾ ਦਿੱਤਾ। ਉਨ੍ਹਾਂ ਨੇ ਇਸ ਭਰੇ ਇਕੱਠ ਵਿਚੋਂ ਜੇਕਰ ਕਿਸੇ ਨੂੰ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦੇ ਯੋਗ ਸਮਝਿਆ, ਤਾਂ ਉਹ ਸਾਈਂ ਮੀਆਂ ਮੀਰ ਜੀ ਹੀ ਸਨ। ਉਨ੍ਹਾਂ ਦੀ ਸੋਚ ‘‘ਜੇ ਧਰਮ ਮੰਦਰ ਅਨੋਖਾ ਬਣਨਾ ਹੈ ਤਾਂ ਉਸ ਦੀ ਅਧਾਰਸ਼ਿਲਾ ਵੀ ਕੋਈ ਦੂਜੇ ਧਰਮ ਦਾ ਪੀਰ ਹੀ ਰੱਖੇ।’’
ਇਸ ਤਰ੍ਹਾਂ ਹਜ਼ਰਤ ਮੀਆਂ ਮੀਰ ਨੂੰ ਸੱਦਿਆ ਗਿਆ ਅਤੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਨੀਂਹ ਰੱਖਣ ਦਾ ਕੰਮ ਬੜੇ ਸਤਿਕਾਰ ਨਾਲ ਪੂਰਾ ਹੋਇਆ। ਸਭ ਤੋਂ ਵੱਡੀ ਗੱਲ ਕਿ ਦੋ ਧਰਮਾਂ ਦਾ ਮੇਲ ਹੋਇਆ। ਮੀਆਂ ਮੀਰ ਜੀ ਦਾ ਪਿਆਰ ਗੁਰੂ ਅਰਜਨ ਦੇਵ ਜੀ ਤਕ ਹੀ ਸੀਮਤ ਨਹੀਂ ਸੀ। ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਜਦੋਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਮੀਆਂ ਮੀਰ ਜੀ ਨੇ ਉਨ੍ਹਾਂ ਨੂੰ ਦਸਤਾਰ ਭੇਜੀ- ਅਕਾਲ ਤਖਤ ਬਣਾਉਣ ਸਮੇਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਸਾਈਂ ਮੀਆਂ ਮੀਰ ਜੀ 88 ਵਰ੍ਹੇ ਦੀ ਉਮਰ ਭੋਗ ਕੇ 7 ਰਬੀਅਉਲ ਅੱਵਲ 1045 ਹਿਜ਼ਰੀ ਮੁਤਾਬਿਕ 11 ਅਗਸਤ 1635 ਨੂੰ ਜੋਤੀ ਜੋਤਿ ਸਮਾਏ। ਉਨ੍ਹਾਂ ਆਪਣੀ ਉਮਰ ਦਾ 60 ਵਰ੍ਹਿਆਂ ਦਾ ਵੱਡਾ ਹਿੱਸਾ ਲਾਹੌਰ ‘ਚ ਬਿਤਾਇਆ। ਇਨ੍ਹਾਂ ਨੂੰ ਲਾਹੌਰ ਦੇ ਨੇੜੇ ਹਾਸ਼ਮਪੁਰ ਪਿੰਡ ਵਿਚ ਦਫਨਾਇਆ ਗਿਆ। ਇਥੇ ਸਾਉਣ ਭਾਦੋਂ ਵਿਚ ਹਰ ਸਾਲ ਮੇਲਾ ਲੱਗਦਾ ਹੈ।