ਗੁਰਦਾਸਪੁਰ ਦੇ ਬਟਾਲਾ ਦੇ ਨਿਤਿਨ ਭਾਟੀਆ ਆਪਣੇ ਪੁੱਤ ਕ੍ਰਿਸ਼ਨਾ ਦੀ ਸਿਹਤ ਲਈ ਸਾਈਕਲ ‘ਤੇ ਅਯੁੱਧਿਆ ਲਈ ਰਵਾਨਾ ਹੋਇਆ ਹੈ। ਸਿੱਖ ਪਰਿਵਾਰ ਵਿੱਚ ਵੱਡਾ ਹੋਇਆ ਨਿਤਿਨ ਦਾ 3 ਸਾਲ ਦਾ ਬੇਟਾ ਬਚਪਨ ਤੋਂ ਹੀ ਨਾ ਤਾਂ ਬੋਲ ਸਕਦਾ ਸੀ ਅਤੇ ਨਾ ਹੀ ਤੁਰ-ਫਿਰ ਸਕਦਾ ਸੀ। ਆਪਣੇ ਪੁੱਤਰ ਦੇ ਠੀਕ ਹੋਣ ਨੂੰ ਲੈ ਕੇ ਨਿਤਿਨ ਦੇ ਦਿਲ ਵਿੱਚ ਸ਼੍ਰੀ ਰਾਮ ਪ੍ਰਤੀ ਵਿਸ਼ਵਾਸ ਪੈਦਾ ਹੋ ਗਿਆ ਅਤੇ ਉਸਨੇ ਅਯੁੱਧਿਆ ਜਾਣ ਦਾ ਫੈਸਲਾ ਕੀਤਾ।
ਬਟਾਲਾ ਤੋਂ ਰਵਾਨਾ ਹੋਣ ਤੋਂ ਪਹਿਲਾਂ ਨਿਤਿਨ ਨੇ ਦੱਸਿਆ ਕਿ ਉਸ ਦਾ ਟੀਚਾ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਪਹੁੰਚਣਾ ਹੈ। ਬਹੁਤ ਲੰਬੇ ਸਮੇਂ ਬਾਅਦ ਹੁਣ ਸਾਰੇ ਭਾਰਤੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਭਗਵਾਨ ਸ਼੍ਰੀ ਰਾਮ ਲਗਭਗ 500 ਸਾਲ ਬਾਅਦ ਆਪਣੇ ਮਹਿਲ ਵਿੱਚ ਵਾਪਸ ਆ ਰਹੇ ਹਨ। ਪ੍ਰਭੂ ਵੱਲੋਂ ਸੱਦੇ ਗਏ ਸਾਰੇ ਰਾਮ ਭਗਤ ਦਰਸ਼ਨਾਂ ਲਈ ਪਹੁੰਚ ਰਹੇ ਹਨ, ਜਿਸ ਕਾਰਨ ਨਿਤਿਨ ਵੀ ਸਾਈਕਲ ‘ਤੇ ਅਯੁੱਧਿਆ ਲਈ ਰਵਾਨਾ ਹੋ ਗਿਆ ਹੈ।
ਨਿਤਿਨ ਭਾਟੀਆ ਨੇ ਦੱਸਿਆ ਕਿ ਉਸ ਨੇ ਇਹ ਸਾਈਕਲ 6 ਦਿਨ ਪਹਿਲਾਂ ਖਰੀਦਿਆ ਸੀ ਅਤੇ ਇਸ ਵਿੱਚ ਲੋੜੀਂਦੀਆਂ ਤਬਦੀਲੀਆਂ ਕੀਤੀਆਂ ਸਨ। ਗੂਗਲ ਮੁਤਾਬਕ ਇਹ ਯਾਤਰਾ 1115 ਕਿਲੋਮੀਟਰ ਦੀ ਹੈ। ਉਹ ਰੋਜ਼ਾਨਾ ਲਗਭਗ 250-300 ਕਿਲੋਮੀਟਰ ਦਾ ਸਫਰ ਕਰੇਗਾ। ਉਸ ਨੇ ਆਪਣੇ ਸਾਈਕਲ ‘ਤੇ ਖਾਣ-ਪੀਣ ਦੀਆਂ ਜ਼ਰੂਰੀ ਵਸਤਾਂ ਰੱਖੀਆਂ ਹੋਈਆਂ ਹਨ। ਉਹ ਮੰਦਰਾਂ ਅਤੇ ਗੁਰਦੁਆਰਿਆਂ ਵਿੱਚ ਰੁਕੇਗਾ ਅਤੇ ਉੱਥੇ ਹੀ ਲੰਗਰ ਛਕੇਗਾ।
ਨਿਤਿਨ ਦੀ ਪਤਨੀ ਸ਼ਿਲਪਾ ਭਾਟੀਆ ਨੇ ਦੱਸਿਆ ਕਿ ਬਹੁਤ ਠੰਡ ਹੈ ਅਤੇ ਸੰਘਣੀ ਧੁੰਦ ਪੈ ਰਹੀ ਹੈ। ਉਸ ਨੇ ਆਪਣੇ ਪਤੀ ਨੂੰ ਇੱਕ ਮਹੀਨੇ ਬਾਅਦ ਜਾਣ ਲਈ ਕਿਹਾ ਸੀ, ਪਰ ਪਤੀ ਨੇ ਪ੍ਰਾਣ ਪ੍ਰਤਿਸ਼ਠਾ ‘ਤੇ ਪਹੁੰਚਣ ਦੀ ਇੱਛਾ ਜ਼ਾਹਿਰ ਕੀਤੀ, ਜਿਸ ਤੋਂ ਬਾਅਦ ਸਾਰੇ ਰਾਜ਼ੀ ਹੋ ਗਏ। ਫਿਲਹਾਲ ਪਤੀ ਹਰ ਪੜਾਅ ‘ਤੇ ਰੁਕ ਕੇ ਘਰ ਫੋਨ ਕਰਦੇ ਹਨ। ਜਦੋਂ ਤੱਕ ਉਹ ਅਯੁੱਧਿਆ ਨਹੀਂ ਪਹੁੰਚਦੇ, ਪਰਿਵਾਰ ਨੂੰ ਉਨ੍ਹਾਂ ਦੀ ਚਿੰਤਾ ਰਹੇਗੀ।
ਇਹ ਵੀ ਪੜ੍ਹੋ : 60 ਸਾਲਾਂ ਤੋਂ ਸਿਰਫ਼ ਚਾਹ ਪੀ ਕੇ ਜੀਅ ਰਹੀ ਏ ਇਹ ਔਰਤ, ਫਿਰ ਵੀ ਤੰਦਰੁਸਤ, ਡਾਕਟਰਾਂ ਕੋਲ ਵੀ ਜਵਾਬ ਨਹੀਂ!
ਨਿਤਿਨ ਨੇ ਫ਼ੋਨ ‘ਤੇ ਦੱਸਿਆ ਕਿ ਉਹ ਰਾਤ ਰਾਜਪੁਰਾ ਰੁਕਿਆ ਸੀ ਅਤੇ ਹੁਣ ਉਸ ਨੇ ਆਪਣਾ ਅਗਲਾ ਸਫ਼ਰ ਸ਼ੁਰੂ ਕਰ ਦਿੱਤਾ ਹੈ | ਉਹ ਅੱਜ ਹਰਿਆਣਾ ਵਿੱਚ ਦਾਖ਼ਲ ਹੋਇਆ ਹੈ। ਕੋਸ਼ਿਸ਼ ਹੈ ਕਿ ਅੱਜ ਵੱਧ ਤੋਂ ਵੱਧ ਯਾਤਰਾ ਪੂਰੀ ਕੀਤੀ ਜਾਵੇ, ਤਾਂ ਜੋ ਉਹ 21 ਜਨਵਰੀ ਤੱਕ ਅਯੁੱਧਿਆ ਪਹੁੰਚ ਸਕੇ ਅਤੇ 22 ਜਨਵਰੀ ਦੀ ਸਵੇਰ ਨੂੰ ਰਾਮ ਲੱਲਾ ਦੇ ਦਰਸ਼ਨ ਕਰ ਸਕੇ।