ਦੇਸ਼ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਲੋਕਾਂ ਨੂੰ ਲਾਲਚ ਦੇ ਕੇ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਠੱਗ ਹੋਰ ਵੀ ਕਈ ਤਰ੍ਹਾਂ ਦੇ ਪੈਂਤੜੇ ਅਪਣਆ ਰਹੇ ਹਨ। ਹੁਣ ਬੈਂਗਲੁਰੂ ਪੁਲਸ ਨੇ ਇਕ ਸਾਫਟਵੇਅਰ ਇੰਜੀਨੀਅਰ ਤੋਂ 50 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ (ਐੱਨ.ਸੀ.ਸੀ.ਪੀ.) ‘ਤੇ ਹਾਲ ਹੀ ਦੇ ਮਹੀਨਿਆਂ ‘ਚ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆਏ ਹਨ।
ਬੈਂਗਲੁਰੂ ਸਾਈਬਰ ਕ੍ਰਾਈਮ ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਮੁਤਾਬਕ ਐਸ ਦਰਸ਼ਨ ਨਾਮ ਦੇ ਵਿਅਕਤੀ ਨਾਲ ਕਥਿਤ ਤੌਰ ‘ਤੇ 50.53 ਲੱਖ ਰੁਪਏ ਦੀ ਸਾਈਬਰ ਧੋਖਾਧੜੀ ਕੀਤੀ ਗਈ ਸੀ। ਉਸ ਨੂੰ ਆਨਲਾਈਨ ਨਿਵੇਸ਼ ਕਰਕੇ ਭਾਰੀ ਰਿਟਰਨ ਦਾ ਵਾਅਦਾ ਵੀ ਕੀਤਾ ਗਿਆ ਸੀ। ਸਾਫਟਵੇਅਰ ਇੰਜੀਨੀਅਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਆਪਣੇ ਸ਼ੁਰੂਆਤੀ ਨਿਵੇਸ਼ ‘ਤੇ ਆਪਣੇ ਖਾਤੇ ‘ਚ ਰਿਟਰਨ ਦੇਖ ਕੇ ਦੋਸ਼ੀ ‘ਤੇ ਭਰੋਸਾ ਹੋ ਗਿਆ ਸੀ।
ਦਰਸ਼ਨ ਨੇ ਦੱਸਿਆ ਕਿ ਉਸ ਨਾਲ ਇਕ ਵਿਦੇਸ਼ੀ ਦੇ ਫੋਨ ਨੰਬਰ ਤੋਂ ਵ੍ਹਾਟਸਐਪ ਅਤੇ ਟੈਲੀਗ੍ਰਾਮ ‘ਤੇ ਸੰਪਰਕ ਕੀਤਾ ਗਿਆ ਸੀ। ਅਣਪਛਾਤੇ ਆਪਰੇਟਰਾਂ ਨੇ ਉਸ ਨੂੰ ਨਿਵੇਸ਼ ‘ਤੇ ਭਾਰੀ ਰਿਟਰਨ ਦੀ ਪੇਸ਼ਕਸ਼ ਕੀਤੀ ਸੀ।
ਉਸਨੂੰ ਮਨਾਉਣ ਲਈ ਠੱਗਾਂ ਨੇ ਉਸਨੂੰ ਉਸਦੇ ਪਹਿਲੇ ਛੋਟੇ ਨਿਵੇਸ਼ ‘ਤੇ ਵਾਪਸੀ ਦਿੱਤੀ, ਜਿਸ ਤੋਂ ਬਾਅਦ ਉਹ ਘਪਲੇਬਾਜ਼ਾਂ ‘ਤੇ ਭਰੋਸਾ ਕਰਨ ਲੱਗਾ। ਘਪਲੇਬਾਜ਼ਾਂ ਨੇ ਫਿਰ ਉਸ ਨੂੰ 10 ਲੱਖ ਰੁਪਏ ਦੀ ਵੱਡੀ ਰਕਮ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਾਅਦਾ ਕੀਤਾ ਕਿ ਜੇ ਉਹ ਉਨ੍ਹਾਂ ਵੱਲੋਂ ਦਿੱਤੇ ਸਾਰੇ ਕੰਮ ਪੂਰੇ ਕਰ ਲੈਂਦਾ ਹੈ ਤਾਂ ਉਸ ਦੇ ਸਾਰੇ ਪੈਸੇ ਵੱਡੇ ਵਿਆਜ ਸਮੇਤ ਵਾਪਸ ਕਰ ਦੇਣਗੇ।
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ‘ਪੀੜਤ ਵੱਲੋਂ ਵੱਖ-ਵੱਖ ਬੈਂਕ ਖਾਤਿਆਂ ‘ਚ 50 ਲੱਖ ਰੁਪਏ ਤੋਂ ਜ਼ਿਆਦਾ ਜਮ੍ਹਾ ਕਰਵਾਏ ਗਏ। ਠੱਗਾਂ ਨੇ ਫਿਰ ਉਸ ਦੇ ਪੈਸੇ ਵਾਪਸ ਕਰਨ ਵੇਲੇ ਉਸ ਦੇ ਸੁਨੇਹਿਆਂ ਦਾ ਜਵਾਬ ਦੇਣਾ ਬੰਦ ਕਰ ਦਿੱਤਾ।’ ਦੋਸ਼ ਹੈ ਕਿ ਇਹ ਘਪਲਾ 26 ਸਤੰਬਰ ਤੋਂ 15 ਅਕਤੂਬਰ ਦਰਮਿਆਨ ਹੋਇਆ ਸੀ, ਜਿਸ ਵਿੱਚ ਸ਼ੱਕੀ ਵਿਅਕਤੀਆਂ ਦੀ ਪਛਾਣ ਐਮਾ ਨਾਮ ਦੀ ਇੱਕ ਔਰਤ ਅਤੇ ਇੱਕ ਨਿੱਜੀ ਵਿਗਿਆਪਨ ਕੰਪਨੀ ਵਜੋਂ ਹੋਈ ਸੀ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਕਪੂਰਥਲਾ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ
ਕੁਝ ਦਿਨ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਇੱਕ 26 ਸਾਲਾ ਔਰਤ ਨੂੰ ਮੋਟੇ ਰਿਟਰਨ ਦਾ ਝਾਂਸਾ ਦੇ ਕੇ ਸਾਢੇ 8 ਲੱਖ ਰੁਪਏ ਦੀ ਠੱਗੀ ਮਾਰੀ ਗਈ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਈਬਰ ਕ੍ਰਾਈਮ ਪੁਲਿਸ ਨੇ ਦੱਸਿਆ ਕਿ ਇੱਕ ਸਥਾਨਕ ਗਿਰੋਹ ਨੇ ਅੰਤਰਰਾਸ਼ਟਰੀ ਸੰਚਾਲਕਾਂ ਨਾਲ ਮਿਲੀਭੁਗਤ ਕੀਤੀ ਹੈ। ਸਾਈਬਰ ਪੁਲਿਸ ਨੇ ਹੁਣ ਤੱਕ 84 ਬੈਂਕ ਖਾਤਿਆਂ ਰਾਹੀਂ 854 ਕਰੋੜ ਰੁਪਏ ਦੇ ਘਪਲੇ ਦਾ ਪਤਾ ਲਗਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: