ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਵੀ ਲੋਕ ਸਭਾ ਦੀ ਸੁਰੱਖਿਆ ਵਿੱਚ ਹੋਈ ਛੇੜਛਾੜ ਤੋਂ ਬਾਅਦ ਗੰਭੀਰ ਹੋ ਗਏ ਹਨ। ਉਨ੍ਹਾਂ ਪੰਜਾਬ ਪੁਲਿਸ ਅਤੇ ਸਟਾਫ਼ ਨੂੰ ਵਿਧਾਨ ਸਭਾ ਦੀ ਸੁਰੱਖਿਆ ਨੂੰ ਪੁਖ਼ਤਾ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਕਿਉਂਕਿ ਲੋਕ ਸਭਾ ਵਿੱਚ ਇਹ ਘਟਨਾ ਵਿਜ਼ਿਟਰ ਪਾਸਾਂ ਰਾਹੀਂ ਦਾਖ਼ਲ ਹੋਣ ਵਾਲੇ ਲੋਕਾਂ ਕਾਰਨ ਵਾਪਰੀ ਸੀ, ਇਸ ਲਈ ਪੰਜਾਬ ਵਿਧਾਨ ਸਭਾ ਹੁਣ ਵਿਜ਼ਟਰਾਂ ਦਾ ਰਿਕਾਰਡ ਡਿਜੀਟਲ ਰੂਪ ਵਿੱਚ ਰੱਖਣ ਅਤੇ ਉਨ੍ਹਾਂ ਦੀਆਂ ਫੋਟੋਆਂ ਪਾਸਾਂ ‘ਤੇ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਹੁਣ ਤੱਕ ਜਦੋਂ ਵਿਧਾਨ ਸਭਾ ਸੈਸ਼ਨ ਹੁੰਦਾ ਸੀ ਤਾਂ ਇੱਕ ਵਿਧਾਇਕ ਨੂੰ ਇੱਕ ਦਿਨ ਵਿੱਚ ਆਪਣੇ ਦੋ ਵਿਅਕਤੀਆਂ ਦਾ ਪਾਸ ਬਣਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ ਸੀ। ਇਸ ਦੇ ਲਈ ਵਿਧਾਇਕ ਦਰਖਾਸਤ ਦਿੰਦੇ ਸਨ ਕਿ ਵਿਧਾਨ ਸਭਾ ਦੀ ਕਾਰਵਾਈ ਦੇਖਣ ਆਉਣ ਵਾਲੇ ਵਿਅਕਤੀ ਨੂੰ ਉਹ ਜਾਣਦੇ ਹਨ। ਇਸ ਤੋਂ ਬਾਅਦ ਉਸ ਦਾ ਪਾਸ ਬਣ ਜਾਂਦਾ ਸੀ ਅਤੇ ਉਕਤ ਵਿਅਕਤੀ ਕਿਸੇ ਵੀ ਸ਼ਨਾਖਤੀ ਕਾਰਡ ‘ਤੇ ਵਿਧਾਨ ਸਭਾ ਵਿੱਚ ਦਾਖਲ ਹੋ ਸਕਦਾ ਸੀ।
ਵਿਧਾਨ ਸਭਾ ਹੁਣ ਇਸ ਪਾਸ ‘ਤੇ ਫੋਟੋ ਲਗਾਉਣ ‘ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਸਿਰਫ ਉਹੀ ਵਿਅਕਤੀ ਵਿਧਾਨ ਸਭਾ ‘ਚ ਦਾਖਲ ਹੋ ਸਕੇ, ਜਿਸ ਲਈ ਇਹ ਪਾਸ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀ ਦਰਸ਼ਕ ਗੈਲਰੀ ਵਿੱਚ 100 ਲੋਕ ਬੈਠ ਸਕਦੇ ਹਨ।
ਇਸ ਦੇ ਨਾਲ ਹੀ ਲੋਕ ਸਭਾ ਦੀ ਘਟਨਾ ਤੋਂ ਬਾਅਦ ਇੱਕ ਵਾਰ ਫਿਰ ਵਿਧਾਨ ਸਭਾ ਦੇ ਪਿੱਛੇ ਪਿੰਡ ਵੱਲ ਕੰਡਿਆਲੀ ਤਾਰ ਦੀ ਕੰਧ ਮੁੱਦਾ ਗਰਮਾਉਣ ਲੱਗਾ ਹੈ ਕਿਉਂਕਿ ਇਹ ਕੰਡਿਆਲੀ ਤਾਰ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ। ਇਸ ਸਬੰਧੀ ਵਿਧਾਨ ਸਭਾ ਦੀ ਤਰਫੋਂ ਪਿਛਲੇ ਪੰਜ ਸਾਲਾਂ ਵਿੱਚ ਕਰੀਬ ਸੱਤ ਵਾਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖੇ ਜਾ ਚੁੱਕੇ ਹਨ ਪਰ ਕਦੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ। ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੀ ਇਮਾਰਤ ਨੂੰ ਵਿਰਾਸਤੀ ਦਰਜਾ ਦਿੱਤਾ ਗਿਆ ਹੈ। ਇਸ ਨੂੰ ਸਾਂਭਣ ਦੀ ਜ਼ਿੰਮੇਵਾਰੀ ਚੰਡੀਗੜ੍ਹ ਪ੍ਰਸ਼ਾਸਨ ਦੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਟਰਾਲੀ ਤੇ ਤੇਜ਼ ਰਫਤਾਰ ਕਾਰ ਵਿਚਾਲੇ ਭਿਆ.ਨਕ ਟੱਕਰ, ਗੱਡੀ ਸ.ੜ ਕੇ ਸੁਆ.ਹ, ਵੇਖੋ ਤਸਵੀਰਾਂ
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ 22ਵੀਂ ਬਰਸੀ ‘ਤੇ ਸੰਸਦ ਦੀ ਸੁਰੱਖਿਆ ‘ਚ ਵੱਡੀ ਕੁਤਾਹੀ ਨਜ਼ਰ ਆਈ। ਸੰਸਦ ਦੀ ਚੱਲ ਰਹੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਵਿੱਚ ਮੌਜੂਦ ਦੋ ਵਿਅਕਤੀਆਂ ਨੇ ਲੋਕ ਸਭਾ ਦੇ ਅੰਦਰ ਜਾ ਕੇ ਹੰਗਾਮਾ ਕੀਤਾ। ਨਾਲ ਹੀ ਪੂਰੀ ਸੰਸਦ ਨੂੰ ਕਲਰ ਬੰਬਾਂ ਨਾਲ ਧੂੰਆਂ-ਧੂੰਆਂ ਕਰ ਦਿੱਤਾ। ਇਸ ਸਾਰੇ ਸੰਸਦ ਵਿਚ ਹਫੜਾ-ਦਫੜੀ ਮਚ ਗਈ।
ਵੀਡੀਓ ਲਈ ਕਲਿੱਕ ਕਰੋ : –