ਚੰਡੀਗੜ: ਪੰਜਾਬ ਦੇ ਖੇਡ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਅੱਜ ਸੂਬੇ ਦੇ ਵੱਖ ਵੱਖ ਖੇਡਾਂ ਦੇ ਕੋਚਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਉਨਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਪੂਰੀ ਹਮਦਰਦੀ ਨਾਲ ਵਿਚਾਰੇਗੀ। ਡਾਇਰੈਕਟਰ ਖੇਡਾਂ ਨੇ ਇਸ ਸਬੰਧੀ ਭਰੋਸਾ ਅੱਜ ਮੁਲਾਕਾਤ ਲਈ ਪਹੁੰਚੇ ਪੰਜਾਬ ਕੋਚਜ਼ ਯੂਨੀਅਨ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਦਿੱਤਾ। ਇਸ ਵਿਚਾਰ ਵਟਾਂਦਰੇ ਦੌਰਾਨ ਸ੍ਰੀ ਖਰਬੰਦਾ ਨੇ ਕਿਹਾ ਕਿ ਸੂਬਾ ਸਰਕਾਰ, ਯੂਨੀਅਨ ਦੀਆਂ ਸਾਰੀਆਂ ਜਾਇਜ਼ ਮੰਗਾਂ ਮੰਨਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਦੀ ਸ਼ਕਤੀ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਲਈ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਉਤਸ਼ਾਹਤ ਕਰੇਗੀ।
ਸ੍ਰੀ ਖਰਬੰਦਾ ਨੇ ਕਿਹਾ ਕਿ ਕੋਚ ਸਾਹਿਬਾਨ ਦੀ ਭੂਮਿਕਾ ਸੂਬੇ ਦੀ ਤਰੱਕੀ ਵਿੱਚ ਅਹਿਮ ਹੈ ਅਤੇ ਉਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਉਨਾਂ ਕੋਚਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਹੋਰ ਮਿਹਨਤ ਕਰਨ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਅਤੇ ਫੁਟਬਾਲ ਕੋਚ ਸ੍ਰੀ ਨਵਿੰਦਰ ਸਿੰਘ, ਜਨਰਲ ਸਕੱਤਰ ਅਤੇ ਤੈਰਾਕੀ ਕੋਚ ਸ੍ਰੀ ਉਮੇਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਤੇ ਅਥਲੈਟਿਕ ਕੋਚ ਜਸਪ੍ਰੀਤ ਸਿੰਘ ਮੰਡੇਰ, ਸੰਯੁਕਤ ਸਕੱਤਰ ਅਤੇ ਹੈਂਡਬਾਲ ਕੋਚ ਲਵਜੀਤ ਸਿੰਘ ਸਰਾਏ, ਕਾਰਜਕਾਰੀ ਮੈਂਬਰ ਤੇ ਜਿਮਨਾਸਟਿਕ ਕੋਚ ਬਲਜੀਤ ਸਿੰਘ ਵੱਲੋਂ ਖੇਡ ਡਾਇਰੈਕਟਰ ਦਾ ਧੰਨਵਾਦ ਕਰਦਿਆਂ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਗੇ।