Adam Zampa gets IPL entry: ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਕੇਨ ਰਿਚਰਡਸਨ ਦੀ ਜਗ੍ਹਾ ਉਨ੍ਹਾਂ ਦੇ ਹਮਵਤਨ ਲੈੱਗ ਸਪਿਨਰ ਐਡਮ ਜ਼ੈਂਪਾ ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ ਹੈ। ਕੇਨ ਰਿਚਰਡਸਨ ਨੇ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਨ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਹੋਣ ਜਾ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਤੋਂ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਆਰਸੀਬੀ ਨੇ ਟਵੀਟ ਕੀਤਾ, ‘ਅਸੀ ਐਡਮ ਜੈਂਪਾ ਦਾ ਆਰਸੀਬੀ ਵਿੱਚ ਸਵਾਗਤ ਕਰਦਿਆਂ ਖੁਸ਼ ਹਾਂ। ਉਹ ਕੇਨ ਰਿਚਰਡਸਨ ਦੀ ਜਗ੍ਹਾ ਲੈਣਗੇ।’ ਫਰੈਂਚਾਇਜ਼ੀ ਨੇ ਕਿਹਾ, “ਆਰਸੀਬੀ ਪਰਿਵਾਰ ਕੇਨ ਅਤੇ ਉਸਦੀ ਪਤਨੀ ਨੂੰ ਸ਼ੁਭ ਕਾਮਨਾਵਾਂ ਦਿੰਦਾ ਹੈ, ਜਿਨ੍ਹਾਂ ਦੇ ਘਰ ਵਿੱਚ ਪਹਿਲਾ ਬੱਚਾ ਆਉਣ ਵਾਲਾ ਹੈ। ਅਸੀਂ ਰਿਚਰਡਸਨ ਦੇ ਟੂਰਨਾਮੈਂਟ ਤੋਂ ਪਿੱਛੇ ਹਟਣ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ।”
ਐਡਮ ਜ਼ੈਂਪਾ ਦੀ ਆਮਦ ਨੇ ਆਰਸੀਬੀ ਦੇ ਸਪਿਨ ਵਿਭਾਗ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੀ ਟੀਮ ਵਿੱਚ ਪਹਿਲਾਂ ਹੀ ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਮੋਇਨ ਅਲੀ ਅਤੇ ਪਵਨ ਨੇਗੀ ਦੇ ਰੂਪ ਵਿੱਚ ਚੰਗੇ ਸਪਿੰਨਰ ਹਨ। ਐਡਮ ਜ਼ੈਂਪਾ ਦੂਜੀ ਵਾਰ ਆਈਪੀਐਲ ਵਿੱਚ ਖੇਡਣਗੇ। ਇਸ ਤੋਂ ਪਹਿਲਾਂ ਉਹ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ ਦੀ ਪ੍ਰਤੀਨਿਧਤਾ ਕਰ ਚੁੱਕੇ ਹਨ। ਪਿੱਛਲੇ ਸਾਲ ਨਿਲਾਮੀ ‘ਚ ਉਸ ਨੂੰ ਕਿਸੇ ਫਰੈਂਚਾਇਜ਼ੀ ਦੁਆਰਾ ਨਹੀਂ ਖਰੀਦਿਆ ਗਿਆ ਸੀ, ਜਦਕਿ ਰਿਚਰਡਸਨ ਨੂੰ ਆਰਸੀਬੀ ਨੇ ਚਾਰ ਕਰੋੜ ਰੁਪਏ ਵਿੱਚ ਖਰੀਦ ਕੇ ਆਪਣੀ ਟੀਮ ਵਿੱਚ ਜੋੜਿਆ ਸੀ। ਰਿਚਰਡਸਨ ਅਤੇ ਐਡਮ ਜੈਂਪਾ ਇਸ ਸਮੇਂ ਆਸਟ੍ਰੇਲੀਆਈ ਟੀਮ ਨਾਲ ਇੰਗਲੈਂਡ ਦੇ ਦੌਰੇ ‘ਤੇ ਹਨ।