ਬੰਗਲਾਦੇਸ਼ ਦੇ ਖਿਲਾਫ਼ 2 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਦੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। 19 ਸਤੰਬਰ ਤੋਂ ਚੇੱਨਈ ਵਿੱਚ ਖੇਡੇ ਜਾਣ ਵਾਲੇ ਮੁਕਾਬਲੇ ਦੇ ਲਈ 16 ਮੈਂਬਰੀ ਟੀਮ ਦੀ ਚੋਣ ਕੀਤੀ ਗਈ ਹੈ। ਮਿਡਲ ਆਰਡਰ ਵਿੱਚ ਸਰਫਰਾਜ ਖਾਨ ਤੇ ਵਿਕਟਕੀਪਰ ਧਰੁਵ ਜੁਰੇਲ ਨੂੰ ਸ਼ਾਮਿਲ ਕੀਤਾ ਗਿਆ। ਖੱਬੇ ਹੱਥ ਦੇ ਪੇਸਰ ਯਸ਼ ਦਿਆਲ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਮੌਕਾ ਮਿਲਿਆ ਹੈ। ਵਿਰਾਟ ਕੋਹਲੀ, ਕੇਐੱਲ ਰਾਹੁਲ ਤੇ ਵਿਕਟਕੀਪਰ ਰਿਸ਼ਭ ਪੰਤ ਵੀ ਬੰਗਲਾਦੇਸ਼ ਦੇ ਖਿਲਾਫ਼ ਟੈਸਟ ਟੀਮ ਵਿੱਚ ਵਾਪਸੀ ਕਰਨਗੇ।
ਇਸ ਟੀਮ ਵਿੱਚ 4 ਨੌਜਵਾਨ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮਿਡਲ ਆਰਡਰ ਬੱਲੇਬਾਜ਼ ਸਰਫਰਾਜ ਖਾਨ, ਵਿਕਟਕੀਪਰ ਧਰੁਵ ਜੁਰੇਲ, ਤੇਜ਼ ਗੇਂਦਬਾਜ਼ ਆਕਾਸ਼ ਦੀਪ ਤੇ ਯਸ਼ ਦਿਆਲ ਨੂੰ ਸ਼ਾਮਿਲ ਕੀਤਾ ਗਿਆ ਹੈ। ਦਿਆਲ ਨੂੰ ਛੱਡ ਕੇ ਬਾਕੀ ਤਿੰਨਾਂ ਖਿਡਾਰੀਆਂ ਨੇ ਇਸੇ ਸਾਲ ਇੰਗਲੈਂਡ ਦੇ ਖਿਲਾਫ਼ ਹੋਈ ਸੀਰੀਜ਼ ਵਿੱਚ ਡੈਬਿਊ ਕੀਤਾ ਸੀ। ਦਿਆਲ ਨੇ ਦਲੀਪ ਟਰਾਫੀ ਦੇ ਪਹਿਲੇ ਰਾਊਂਡ ਵਿੱਚ 4 ਵਿਕਟਾਂ ਲਈਆਂ ਹਨ। ਦਲੀਪ ਟਰਾਫੀ ਨਾ ਖੇਡਣ ਵਾਲੇ 6 ਸੀਨੀਅਰ ਖਿਡਾਰੀਆਂ ਨੇ ਟੀਮ ਵਿੱਚ ਜਗ੍ਹਾ ਬਣਾਈ। ਇਨ੍ਹਾਂ ਵਿੱਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਸ਼ਾਮਿਲ ਹਨ। ਕੋਹਲੀ ਨੂੰ ਛੱਡ ਕੇ ਬਾਕੀ ਪੰਜਾਂ ਖਿਡਾਰੀਆਂ ਨੇ ਇੰਗਲੈਂਡ ਦੇ ਖਿਲਾਫ਼ ਇਸੇ ਸਾਲ ਫਰਵਰੀ-ਮਾਰਚ ਵਿੱਚ ਟੈਸਟ ਸੀਰੀਜ਼ ਖੇਡੀ ਸੀ।
ਦੱਸ ਦੇਈਏ ਕਿ ਬੰਗਲਾਦੇਸ਼ ਦਾ ਭਾਰਤ ਦੌਰਾ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਚੇੱਨਈ ਵਿੱਚ ਪਹਿਲਾ ਟੈਸਟ ਤੇ 27 ਸਤੰਬਰ ਤੋਂ ਕਾਨਪੁਰ ਵਿੱਚ ਦੂਜਾ ਟੈਸਟ ਖੇਡਿਆ ਜਾਵੇਗਾ। 6,9 ਤੇ 12 ਅਕਤੂਬਰ ਨੂੰ 3 ਟੀ-20 ਖੇਡੇ ਜਾਣਗੇ। ਇਹ ਮੁਕਾਬਲੇ ਗਵਾਲੀਅਰ, ਦਿੱਲੀ ਤੇ ਹੈਦਰਾਬਾਦ ਵਿੱਚ ਖੇਡੇ ਜਾਣਗੇ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੁਣ ਤੱਕ 13 ਟੈਸਟ ਮੈਚ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ 11 ਮੈਚ ਭਾਰਤ ਨੇ ਜਿੱਤੇ ਹਨ ਜਦਕਿ ਦੋ ਮੈਚ ਡਰਾਅ ਹੋਏ ਹਨ।
ਪਹਿਲੇ ਟੈਸਟ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕਟਕੀਪਰ), ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਯਸ਼ ਦਿਆਲ।
ਵੀਡੀਓ ਲਈ ਕਲਿੱਕ ਕਰੋ -: