Bcci may lose : ਆਈਪੀਐਲ ਦੌਰਾਨ ਕਈ ਖਿਡਾਰੀਆਂ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਟੂਰਨਾਮੈਂਟ ਮੰਗਲਵਾਰ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਆਈਪੀਐਲ ਦੇ ਮੁਲਤਵੀ ਹੋਣ ਨਾਲ, ਬੀਸੀਸੀਆਈ ਨੂੰ ਪ੍ਰਸਾਰਣ ਅਤੇ ਸਪਾਂਸਰਸ਼ਿਪ ਵਿੱਚ 2000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਹਿਣਾ ਪੈ ਸਕਦਾ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕੇ, “ਇਸ ਸੀਜ਼ਨ ਦੇ ਮੱਧ ਵਿੱਚ ਮੁਲਤਵੀ ਹੋਣ ਕਾਰਨ ਸਾਨੂੰ 2000 ਰੁਪਏ ਤੋਂ ਲੈ ਕੇ 2500 ਕਰੋੜ ਰੁਪਏ ਤੱਕ ਦਾ ਘਾਟਾ ਪੈ ਸਕਦਾ ਹੈ। ਮੈਂ ਕਹਾਂਗਾ ਕਿ 2200 ਕਰੋੜ ਦੀ ਰਕਮ ਸਹੀ ਹੋਵੇਗੀ।“ ਟੂਰਨਾਮੈਂਟ ਵਿੱਚ 52 ਦਿਨਾਂ ਵਿੱਚ 60 ਮੈਚ ਖੇਡੇ ਜਾਣੇ ਸਨ ਅਤੇ ਇਹ 30 ਮਈ ਨੂੰ ਅਹਿਮਦਾਬਾਦ ਵਿੱਚ ਖਤਮ ਹੋਣੇ ਸੀ। ਹਾਲਾਂਕਿ, 24 ਦਿਨਾਂ ਵਿੱਚ ਸਿਰਫ 29 ਮੈਚ ਹੀ ਖੇਡੇ ਜਾ ਸਕੇ ਸਨ ਅਤੇ ਕੋਰੋਨਾ ਦੀ ਲਾਗ ਕਾਰਨ ਟੂਰਨਾਮੈਂਟ ਮੁਲਤਵੀ ਕਰਨਾ ਪਿਆ।
ਬੀਸੀਸੀਆਈ ਨੂੰ ਸਭ ਤੋਂ ਵੱਡਾ ਨੁਕਸਾਨ ਟੂਰਨਾਮੈਂਟ ਦੇ ਪ੍ਰਸਾਰਣ ਅਧਿਕਾਰਾਂ ਲਈ ਸਟਾਰ ਸਪੋਰਟਸ ਤੋਂ ਪ੍ਰਾਪਤ ਹੋਈ ਰਕਮ ਵਿੱਚ ਹੋਏਗਾ। ਸਟਾਰ ਦਾ ਪੰਜ ਸਾਲਾ ਇਕਰਾਰਨਾਮਾ 16,347 ਕਰੋੜ ਰੁਪਏ ਦਾ ਹੈ, ਜੋ ਕਿ ਪ੍ਰਤੀ ਸਾਲ ਲੱਗਭਗ 3269.4 ਕਰੋੜ ਰੁਪਏ ਦਾ ਕੰਮ ਕਰਦਾ ਹੈ। ਜੇ ਇੱਕ ਸੀਜ਼ਨ ਵਿੱਚ 60 ਮੈਚ ਖੇਡੇ ਜਾਂਦੇ ਹਨ, ਤਾਂ ਪ੍ਰਤੀ ਮੈਚ ਰਾਸ਼ੀ ਲੱਗਭਗ 54.5 ਕਰੋੜ ਹੈ। ਜੇ ਸਟਾਰ ਪ੍ਰਤੀ ਮੈਚ ਦਾ ਭੁਗਤਾਨ ਕਰਦਾ ਹੈ, ਤਾਂ 29 ਮੈਚਾਂ ਦੀ ਰਕਮ ਲੱਗਭਗ 1580 ਕਰੋੜ ਰੁਪਏ ਹੋਵੇਗੀ, ਅਜਿਹੀ ਸਥਿਤੀ ਵਿੱਚ ਬੋਰਡ ਨੂੰ 1790 ਕਰੋੜ ਰੁਪਏ ਦਾ ਘਾਟਾ ਸਹਿਣਾ ਪਏਗਾ।
ਇਸੇ ਤਰ੍ਹਾਂ ਮੋਬਾਈਲ ਨਿਰਮਾਤਾ ਵੀਵੋ ਟੂਰਨਾਮੈਂਟ ਦੇ ਟਾਈਟਲ ਸਪਾਂਸਰ ਵਜੋਂ ਪ੍ਰਤੀ ਸੀਜ਼ਨ 440 ਕਰੋੜ ਰੁਪਏ ਅਦਾ ਕਰਦਾ ਹੈ। ਆਈਪੀਐਲ ਦੇ ਮੁਲਤਵੀ ਹੋਣ ਨਾਲ, ਬੀਸੀਸੀਆਈ ਨੂੰ ਅੱਧੀ ਤੋਂ ਵੀ ਘੱਟ ਰਕਮ ਮਿਲਣ ਦੀ ਸੰਭਾਵਨਾ ਹੈ। ਇਸ ਦੇ ਨਾਲ, ਕੁੱਝ ਸਹਾਇਕ ਸਪਾਂਸਰ ਕਰਨ ਵਾਲੀਆਂ ਕੰਪਨੀਆਂ ਹਨ ਜਿਵੇਂ ਅਨਕਾਡਮੀ, ਡ੍ਰੀਮ 11, ਸੀ ਰੈਡ, ਅਪਸਟੌਕਸ ਅਤੇ ਟਾਟਾ ਮੋਟਰਜ਼, ਜਿਨ੍ਹਾਂ ਵਿੱਚੋਂ ਹਰ ਇੱਕ ਕੰਪਨੀ ਸੀਜ਼ਨ ਦੇ ਲਈ 120 ਕਰੋੜ ਰੁਪਏ ਅਦਾ ਕਰਦੀ ਹੈ। ਅਧਿਕਾਰੀ ਨੇ ਕਿਹਾ, “ਜੇ ਸਾਰੀਆਂ ਅਦਾਇਗੀਆਂ ਅੱਧ ਜਾਂ ਥੋੜ੍ਹੀ ਘੱਟ ਕਰ ਦਿੱਤੀਆਂ ਜਾਂਦੀਆਂ ਹਨ ਤਾਂ 2200 ਕਰੋੜ ਦਾ ਨੁਕਸਾਨ ਹੋਏਗਾ। ਅਸਲ ਵਿੱਚ ਨੁਕਸਾਨ ਹੋਰ ਵੀ ਹੋ ਸਕਦਾ ਹੈ ਪਰ ਇਹ ਸੀਜ਼ਨ ਦਾ ਅਨੁਮਾਨਤ ਨੁਕਸਾਨ ਹੈ।” ਹਾਲਾਂਕਿ, ਇਸ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਟੂਰਨਾਮੈਂਟ ਦੇ ਮੁਅੱਤਲ ਹੋਣ ਨਾਲ ਹਰ ਫਰੈਂਚਾਇਜ਼ੀ ਨੂੰ ਕਿੰਨਾ ਨੁਕਸਾਨ ਹੋਏਗਾ।