Bumrah mohammad siraj face : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸਿਡਨੀ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੌਰਾਨ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਦਰਅਸਲ, ਸਿਡਨੀ ਕ੍ਰਿਕਟ ਮੈਦਾਨ ‘ਚ ਮੈਚ ਦੌਰਾਨ ਮੌਜੂਦ ਕੁੱਝ ਦਰਸ਼ਕਾਂ ਨੇ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ‘ਤੇ ਨਸਲੀ ਟਿੱਪਣੀਆਂ ਕੀਤੀਆਂ ਹਨ। ਇਸ ਘਟਨਾ ਤੋਂ ਬਾਅਦ, ਭਾਰਤੀ ਕ੍ਰਿਕਟ ਟੀਮ ਨੇ ਇੱਕ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਹੈ। ਸਿਡਨੀ ਕ੍ਰਿਕਟ ਗਰਾਉਂਡ ਵਿਖੇ ਮੈਚ ਦੌਰਾਨ ਕੁੱਝ ਸ਼ਰਾਬੀ ਦਰਸ਼ਕਾਂ ਨੇ ਮੁਹੰਮਦ ਸਿਰਾਜ ਨਾਲ ਬਦਸਲੂਕੀ ਕੀਤੀ। ਕਪਤਾਨ ਅਜਿੰਕਿਆ ਰਹਾਣੇ ਨੇ ਅੰਪਾਇਰਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਸੀ, ਪਰ ਹੁਣ ਤੀਜੇ ਦਿਨ ਦਾ ਖੇਡ ਖਤਮ ਹੋਣ ਤੋਂ ਬਾਅਦ ਟੀਮ ਇੰਡੀਆ ਨੇ ਇਸ ਦੀ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਟੀਮ ਦੇ ਸੂਤਰਾਂ ਨੇ ਦੱਸਿਆ ਕਿ ਕੁੱਝ ਦਰਸ਼ਕਾਂ ਨੇ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ ਮੁਹੰਮਦ ਸਿਰਾਜ ਬਾਰੇ ਨਸਲੀ ਟਿੱਪਣੀਆਂ ਕੀਤੀਆਂ ਅਤੇ ਗਾਲ੍ਹਾਂ ਕੱਢੀਆਂ ਸਨ।
ਟੀਮ ਦੇ ਸੂਤਰਾਂ ਅਨੁਸਾਰ ਦਰਸ਼ਕਾਂ ਦੀਆਂ ਟਿੱਪਣੀਆਂ ਬਹੁਤ ਹੀ ਅਪਮਾਨਜਨਕ ਸਨ। ਨਾ ਸਿਰਫ ਮੁਹੰਮਦ ਸਿਰਾਜ, ਬਲਕਿ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨਾਲ ਵੀ ਆਸਟ੍ਰੇਲੀਆਈ ਦਰਸ਼ਕਾਂ ਨੇ ਦੁਰਵਿਵਹਾਰ ਕੀਤਾ। ਇੱਕ ਆਸਟ੍ਰੇਲੀਆਈ ਅਖਬਾਰ ਦੇ ਅਨੁਸਾਰ ਟੀਮ ਇੰਡੀਆ ਦੇ ਅਧਿਕਾਰੀਆਂ ਨੂੰ ਆਈਸੀਸੀ ਅਤੇ ਸਟੇਡੀਅਮ ਦੇ ਸੁਰੱਖਿਆ ਅਧਿਕਾਰੀਆਂ ਨਾਲ ਭਾਰਤੀ ਡਰੈਸਿੰਗ ਰੂਮ ਦੇ ਬਾਹਰ ਗੱਲਬਾਤ ਕਰਦੇ ਦੇਖਿਆ ਗਿਆ। ਇਸ ਗੱਲਬਾਤ ਦੌਰਾਨ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਵੀ ਮੌਜੂਦ ਸਨ। ਖ਼ਬਰਾਂ ਅਨੁਸਾਰ, ਨਸ਼ੇ ‘ਚ ਚੂਰ ਦਰਸ਼ਕ ਬੀਤੇ ਦੋ ਦਿਨਾਂ ਤੋਂ ਸਿਰਾਜ ਅਤੇ ਬੁਮਰਾਹ ਨਾਲ ਬਦਸਲੂਕੀ ਕਰ ਰਹੇ ਸਨ। ਕਪਤਾਨ ਰਹਾਣੇ ਨੇ ਕਿਹਾ ਕਿ ਰੈਂਡਵਿਕ ਦੇ ਸਿਰੇ ‘ਤੇ ਬੈਠੇ ਇੱਕ ਦਰਸ਼ਕ ਨੇ ਸਿਰਾਜ ਨਾਲ ਬਦਸਲੂਕੀ ਕੀਤੀ ਸੀ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਦਰਸ਼ਕ ਅਕਸਰ ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਟੀਮਾਂ ਉੱਤੇ ਦਬਾਅ ਪਾਉਣ ਲਈ ਅਜਿਹੀ ਹਰਕਤ ਕਰਦੇ ਹਨ, ਤਾਂ ਜੋ ਮੇਜ਼ਬਾਨ ਟੀਮ ਮੈਦਾਨ ਵਿੱਚ ਇਸ ਦਾ ਲਾਭ ਲੈ ਸਕੇ।