Covid positive hockey player: ਨਵੀਂ ਦਿੱਲੀ: ਕੋਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਆਕਸੀਜਨ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ। ਇਸ ਸਬੰਧੀ ਸਪੋਰਟਸ ਅਥਾਰਟੀ ਆਫ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਕਿ ਖੂਨ ਵਿੱਚ ਆਕਸੀਜਨ ਦਾ ਪੱਧਰ ਡਿੱਗਣ ਤੋਂ ਬਾਅਦ ਮਨਦੀਪ ਨੂੰ ਬੈਂਗਲੁਰੂ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਸਥਿਰ ਹੈ।
ਦਰਅਸਲ, 20 ਅਗਸਤ ਤੋਂ ਸ਼ੁਰੂ ਹੋ ਰਹੇ ਰਾਸ਼ਟਰੀ ਕੈਂਪ ਲਈ ਬੈਂਗਲੁਰੂ ਪਹੁੰਚੇ ਮਨਦੀਪ ਅਤੇ ਪੰਜ ਹੋਰ ਭਾਰਤੀ ਖਿਡਾਰੀਆਂ ਵਿੱਚ ਪਿਛਲੇ ਹਫਤੇ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ। ਇਨ੍ਹਾਂ ਪੰਜ ਖਿਡਾਰੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਡਿਫੈਂਡਰ ਸੁਰੇਂਦਰ ਕੁਮਾਰ ਅਤੇ ਜਸਕਰਨ ਸਿੰਘ, ਡਰੈਗ ਫਲਿੱਕਰ ਵਰੁਣ ਕੁਮਾਰ ਅਤੇ ਗੋਲਕੀਪਰ ਕ੍ਰਿਸ਼ਨਾ ਬਹਾਦੁਰ ਪਾਠਕ ਸ਼ਾਮਿਲ ਹਨ।
ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਦੀ ਰਾਤ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਮਨਦੀਪ ਦੇ ਖੂਨ ਵਿੱਚ ਆਕਸੀਜਨ ਦਾ ਪੱਧਰ ਆਮ ਨਾਲੋਂ ਹੇਠਾਂ ਜਾ ਰਿਹਾ ਹੈ। ਜਿਸ ਨੇ ਸੰਕੇਤ ਦਿੱਤਾ ਕਿ ਉਹ ਹਲਕੇ ਤੋਂ ਦਰਮਿਆਨੇ ਵੱਲ ਵੱਧ ਰਹੇ ਹਨ । ਜਿਸ ਤੋਂ ਬਾਅਦ ਮਨਦੀਪ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਨ ਦਾ ਫੈਸਲਾ ਲਿਆ ਗਿਆ।
ਦੱਸ ਦੇਈਏ 25 ਸਾਲਾਂ ਮਨਦੀਪ ਨੇ ਭਾਰਤ ਲਈ ਹੁਣ ਤੱਕ 129 ਮੈਚਾਂ ਵਿੱਚ 60 ਗੋਲ ਕੀਤੇ ਹਨ । ਉਹ ਉਸ ਭਾਰਤੀ ਟੀਮ ਦਾ ਵੀ ਹਿੱਸਾ ਸੀ ਜਿਸ ਨੇ 2018 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਸੀ । ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਸ਼ਿਕਾਰ ਖਿਡਾਰੀਆਂ ਦੀ ਦਿਨ ਵਿੱਚ ਚਾਰ ਵਾਰ ਜਾਂਚ ਕੀਤੀ ਜਾ ਰਹੀ ਹੈ।