ਦੱਖਣੀ ਅਫਰੀਕਾ ਤੇ ਪਾਕਿਸਤਾਨ ਦੇ ਵਿਚਾਲੇ ਅੱਜ ਵਨਡੇ ਵਿਸ਼ਵ ਕੱਪ 2023 ਦਾ 26ਵਾਂ ਮੈਚ ਖੇਡਿਆ ਜਾਵੇਗਾ। ਇਹ ਮੁਕਾਬਲਾ ਚੇੱਨਈ ਦੇ ਚੇਪਾਕ ਮੈਦਾਨ ‘ਤੇ ਦੁਪਹਿਰ 2 ਵਜੇ ਖੇਡਿਆ ਜਾਵੇਗਾ। ਇਸ ਮੈਚ ਦਾ ਟਾਸ ਦੁਪਹਿਰ 1.30 ਵਜੇ ਹੋਵੇਗਾ। ਦੱਖਣੀ ਅਫਰੀਕਾ 5 ਮੈਚਾਂ ਵਿੱਚੋਂ 4 ਜਿੱਤ ਕੇ ਪੁਆਇੰਟ ਟੇਬਲ ਵਿੱਚ ਦੂਜੇ ਨੰਬਰ ‘ਤੇ ਹੈ। ਉੱਥੇ ਹੀ ਪਾਕਿਸਤਾਨ ਦੀ ਟੀਮ ਲਗਾਤਾਰ 3 ਮੈਚ ਹਾਰਨ ਤੋਂ ਬਾਅਦ ਛੇਵੇਂ ਨੰਬਰ ‘ਤੇ ਹੈ। ਪਾਕਿਸਤਾਨ ਨੂੰ ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਦੇ ਲਈ ਆਪਣੇ ਸਾਰੇ ਮੈਚ ਜਿੱਤਣੇ ਪੈਣਗੇ। ਉੱਥੇ ਹੀ ਦੱਖਣੀ ਅਫਰੀਕਾ ਇਸ ਸਮੇਂ ਟੂਰਨਾਮੈਂਟ ਦੀ ਸਭ ਤੋਂ ਵੱਡੀ ਦਾਅਵੇਦਾਰਾਂ ਵਿੱਚੋਂ ਇੱਕ ਦਿਖਾਈ ਦੇ ਰਹੀ ਹੈ।
ਵਿਸ਼ਵ ਕੱਪ ਵਿੱਚ ਦੋਹਾਂ ਟੀਮਾਂ ਵਿਚਾਲੇ 5 ਮੈਚ ਹੋਏ ਹਨ, ਜਿਨ੍ਹਾਂ ਵਿੱਚੋਂ 3 ਵਿੱਚ ਦੱਖਣੀ ਅਫਰੀਕਾ ਤੇ 2 ਵਿੱਚ ਪਾਕਿਸਤਾਨ ਨੂੰ ਜਿੱਤ ਮਿਲੀ ਹੈ। 1999 ਦੇ ਬਾਅਦ ਦੋਹਾਂ ਟੀਮਾਂ ਦੇ ਵਿਚਾਲੇ 2 ਹੀ ਮੁਕਾਬਲੇ ਹੋਏ, ਦੋਹਾਂ ਵਿੱਚ ਪਾਕਿਸਤਾਨ ਨੂੰ ਜਿੱਤ ਮਿਲੀ। ਇਹ ਮੁਕਾਬਲੇ 2015 ਤੇ 2019 ਵਿਚ ਖੇਡੇ ਗਏ। 2015 ਤੋਂ ਪਹਿਲਾਂ ਦੋਹਾਂ ਦੇ ਵਿਚਾਲੇ 3 ਮੈਚ ਖੇਡੇ ਗਏ, ਸਾਰੇ ਮੈਚ ਦੱਖਣੀ ਅਫਰੀਕਾ ਨੇ ਜਿੱਤੇ। ਵਨਡੇ ਵਿੱਚ ਦੋਹਾਂ ਟੀਮਾਂ ਦੇ ਵਿਚਾਲੇ 82 ਮੈਚ ਖੇਡੇ ਗਏ। ਜਿਨ੍ਹਾਂ ਵਿੱਚੋਂ 51 ਵਿੱਚ ਦੱਖਣੀ ਅਫਰੀਕਾ ਤੇ 30 ਵਿੱਚ ਪਾਕਿਸਤਾਨ ਨੂੰ ਜਿੱਤ ਮਿਲੀ, ਜਦਕਿ ਇੱਕ ਮੈਚ ਬੇਨਤੀਜਾ ਰਿਹਾ।
ਜੇਕਰ ਇੱਥੇ ਦੱਖਣੀ ਅਫਰੀਕਾ ਦੀ ਗੱਲ ਕੀਤੀ ਜਾਵੇ ਤਾਂ ਦੱਖਣੀ ਅਫਰੀਕਾ ਦੇ ਕਪਤਾਨ ਬਾਵੁਮਾ ਬਿਮਾਰੀ ਕਾਰਨ ਟੀਮ ਦੇ ਪਿਛਲੇ ਦੋਵੇਂ ਮੈਚ ਨਹੀਂ ਖੇਡ ਸਕੇ। ਉਨ੍ਹਾਂ ਦੇ ਠੀਕ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਅਜਿਹੇ ਵਿੱਚ ਅੱਜ ਦੇ ਮੈਚ ਵਿੱਚ ਉਹ ਰੀਜਾ ਹੈਂਡਰਿਕਸ ਦੀ ਜਗ੍ਹਾ ਲੈ ਸਕਦੇ ਹਨ। ਉੱਥੇ ਹੀ ਪਾਕਿਸਤਾਨ ਦੇ ਲਈ ਫਖਰ ਜਮਾਨ ਪਿਛਲੇ 4 ਮੈਚ ਨਹੀਂ ਖੇਡ ਸਕੇ। ਉਨ੍ਹਾਂ ਦੀ ਜਗ੍ਹਾ ਪਲੇਇੰਗ-11 ਵਿੱਚ ਸ਼ਮਾਇਲ ਕੀਤੇ ਗਏ ਅਬਦੁੱਲਾਹ ਸ਼ਫੀਕ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਫਖਰ ਫਿੱਟ ਹੋ ਗਏ ਹਨ, ਜਿਸ ਕਾਰਨ ਉਹ ਅੱਜ ਦੇ ਮੁਕਾਬਲੇ ਵਿੱਚ ਇਮਾਮ-ਉਲ-ਹੱਕ ਦੀ ਜਗ੍ਹਾ ਲੈ ਸਕਦੇ ਹਨ।
ਇੱਥੇ ਜੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਚੇਪਾਕ ਦੀ ਪਿਚ ਹਮੇਸ਼ਾਂ ਸਪਿਨਰਾਂ ਦੇ ਲਈ ਮਦਦਗਾਰ ਸਾਬਿਤ ਹੋਈ ਹੈ। ਇਸ ਪਿਚ ‘ਤੇ ਰਾਤ ਦੇ ਸਮੇਂ ਬੱਲੇਬਾਜ਼ੀ ਆਸਾਨ ਹੋ ਜਾਂਦੀ ਹੈ। ਪਿਛਲੇ ਮੁਕਾਬਲੇ ਵਿੱਚ ਅਫਗਾਨਿਸਤਾਨ ਨੇ ਇੱਥੇ ਪਾਕਿਸਤਾਨ ਦੇ ਖਿਲਾਫ਼ 282 ਦੌੜਾਂ ਦਾ ਟੀਚਾ ਹਾਸਿਲ ਕੀਤਾ ਸੀ। ਅਜਿਹੇ ਵਿੱਚ ਟਾਸ ਜਿੱਤਣ ਵਾਲਾਈ ਟੀਮ ਪਹਿਲਾਂ ਗੇਂਦਬਾਜ਼ੀ ਕਰਨਾ ਪਸੰਦ ਕਰ ਸਕਦੀ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਦੱਖਣੀ ਅਫਰੀਕਾ: ਐਡਨ ਮਾਰਕਮ(ਕਪਤਾਨ), ਕਵਿੰਟਨ ਡੀ ਕਾਕ(ਵਿਕਟਕੀਪਰ), ਰੀਜਾ ਹੈਂਡਰਿਕਸ/ਟੇਂਬਾ ਬਾਵੁਮਾ, ਰਾਸੀ ਵਾਨ ਡਰ ਡਸਨ, ਹੇਨਰਿਕ ਕਲਾਸਨ, ਡੇਵਿਡ ਮਿਲਰ, ਮਾਰਕੋ ਯਾਨਸਨ, ਜੋਰਾਲਡ ਕੂਟਜੀ/ਤਬਰੇਜ ਸ਼ਮਸੀ, ਕੇਸ਼ਵ ਮਹਾਰਾਜ, ਕਗਿਸੋ ਰਬਾਡਾ ਤੇ ਲੁੰਗੀ ਐਨਗਿਡੀ।
ਪਾਕਿਸਤਾਨ: ਬਾਬਰ ਆਜਮ(ਕਪਤਾਨ), ਅਬਦੁੱਲਾਹ ਸ਼ਫੀਕ, ਇਮਾਮ-ਉਲ-ਹੱਕ/ਫਖਰ ਜਮਾਨ, ਮੁਹੰਮਦ ਰਿਜਵਾਨ(ਵਿਕਟਕੀਪਰ), ਸਊਦ ਸ਼ਕੀਲ, ਇਫਤਖਾਰ ਅਹਿਮਦ, ਸ਼ਾਹੀਨ ਸ਼ਾਹ ਅਫਰੀਦੀ, ਉਸਾਮਾ ਮੀਰ, ਸ਼ਾਦਾਬ ਖਾਨ, ਹਾਰਿਸ ਰਊਫ, ਮੁਹੰਮਦ ਵਸੀਮ ਜੂਨੀਅਰ/ ਹਸਨ ਅਲੀ।
ਵੀਡੀਓ ਲਈ ਕਲਿੱਕ ਕਰੋ -: