danish kaneria criticize pcb: ਸਪਾਟ ਫਿਕਸਿੰਗ ਮਾਮਲੇ ਵਿੱਚ ਉਮਰ ਕੈਦ ਦਾ ਸਾਹਮਣਾ ਕਰ ਰਹੇ ਸਾਬਕਾ ਸਪਿਨ ਗੇਂਦਬਾਜ਼ ਦਾਨਿਸ਼ ਕਨੇਰੀਆ ਇੱਕ ਵਾਰ ਫਿਰ ਪਾਕਿਸਤਾਨ ਕ੍ਰਿਕਟ ਬੋਰਡ ‘ਤੇ ਭੜਕੇ ਹਨ। ਦਾਨਿਸ਼ ਕਨੇਰੀਆ ਦਾ ਦੋਸ਼ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਧਰਮ ਕਾਰਨ ਉਸ ਨਾਲ ਵਿਤਕਰਾ ਕਰ ਰਿਹਾ ਹੈ। ਦਰਅਸਲ, ਪੀਸੀਬੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਮਰ ਅਕਮਲ ਉੱਤੇ ਲਗਾਈ ਤਿੰਨ ਸਾਲ ਦੀ ਪਾਬੰਦੀ ਅੱਧੀ ਕਰ ਦਿੱਤੀ ਹੈ। ਕਨੇਰੀਆ ਨੇ ਪੀਸੀਬੀ ਨੂੰ ਸਪਾਟ ਫਿਕਸਿੰਗ ਦੇ ਮਾਮਲੇ ਵਿੱਚ ਕਈ ਵਾਰ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਕਨੇਰੀਆ ਨੇ ਕਿਹਾ, “ਜ਼ੀਰੋ ਟੌਲਰੈਂਸ ਦੀ ਨੀਤੀ ਸਿਰਫ ਕਨੇਰੀਆ ‘ਤੇ ਲਾਗੂ ਹੁੰਦੀ ਹੈ, ਨਾ ਕਿ ਦੂਜੇ ਖਿਡਾਰੀਆਂ ‘ਤੇ। ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਮੇਰੇ ‘ਤੇ ਲਾਈਫ ਟਾਈਮ ਦੀ ਪਾਬੰਦੀ ਕਿਉਂ ਲਗਾਈ ਗਈ ਹੈ,ਜਦਕਿ ਦੂਜੇ ਖਿਡਾਰੀਆਂ ‘ਤੇ ਨਹੀਂ। ਕੀ ਇਹ ਨੀਤੀ ਜਾਤੀ, ਰੰਗ ਅਤੇ ਧਰਮ ਨੂੰ ਵੇਖਦਿਆਂ ਲਾਗੂ ਹੁੰਦੀ ਹੈ। ਮੈਨੂੰ ਹਿੰਦੂ ਹੋਣ ਤੇ ਮਾਣ ਹੈ।”
ਸੱਟੇਬਾਜ਼ਾਂ ਨਾਲ ਸੰਪਰਕ ਦੀ ਜਾਣਕਾਰੀ ਨਾ ਦੇਣ ‘ਤੇ ਪਾਕਿਸਤਾਨ ਦੇ ਬੱਲੇਬਾਜ਼ ਉਮਰ ਅਕਮਲ’ ਤੇ ਤਿੰਨ ਸਾਲ ਲਈ ਪਾਬੰਦੀ ਲਗਾਈ ਗਈ ਸੀ। ਪਰ ਉਮਰ ਅਕਮਲ ਦੀ ਅਪੀਲ ਤੋਂ ਬਾਅਦ ਇਹ ਪਾਬੰਦੀ 36 ਮਹੀਨਿਆਂ ਤੋਂ ਘਟਾ ਕੇ 18 ਮਹੀਨੇ ਕਰ ਦਿੱਤੀ ਗਈ ਹੈ। ਉਮਰ ਅਕਮਲ ਤੋਂ ਪਹਿਲਾਂ ਮੁਹੰਮਦ ਆਮਿਰ ਨੂੰ ਵੀ ਫਿਕਸਿੰਗ ਦੇ ਮਾਮਲੇ ਵਿੱਚ ਰਾਹਤ ਮਿਲੀ ਸੀ ਅਤੇ ਉਹ ਰਾਸ਼ਟਰੀ ਟੀਮ ‘ਚ ਪਰਤ ਆਇਆ ਹੈ। ਸਲਮਾਨ ਭੱਟ ਫਿਕਸਿੰਗ ਦੇ ਮਾਮਲੇ ਵਿੱਚ ਰਾਹਤ ਮਿਲਣ ਤੋਂ ਬਾਅਦ ਘਰੇਲੂ ਕ੍ਰਿਕਟ ਵੀ ਖੇਡਦੇ ਹਨ। ਕਨੇਰੀਆ ਦਾ ਕਹਿਣਾ ਹੈ ਕਿ ਜਦੋਂ ਆਮਿਰ, ਆਸਿਫ ਅਤੇ ਸਲਮਾਨ ਨੂੰ ਵਾਪਸੀ ਦਾ ਮੌਕਾ ਮਿਲਿਆ ਹੈ ਤਾਂ ਮੈਨੂੰ ਕਿਉਂ ਨਹੀਂ? ਹਾਲ ਹੀ ਵਿੱਚ ਦਾਨਿਸ਼ ਕਨੇਰੀਆ ਨੇ ਪੀਸੀਬੀ ਨੂੰ ਇਹ ਰੋਕ ਹਟਾਉਣ ਦੀ ਅਪੀਲ ਕੀਤੀ ਸੀ। ਪਰ ਪੀਸੀਬੀ ਨੇ ਕਿਹਾ ਸੀ ਕਿ ਕਨੇਰੀਆ ‘ਤੇ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਨੇ ਪਾਬੰਦੀ ਲਗਾਈ ਹੈ ਅਤੇ ਉਹ ਇਸ ਮਾਮਲੇ ‘ਚ ਕੁੱਝ ਨਹੀਂ ਕਰ ਸਕਦੇ।