Delhi wrestler dies after fight : ਇਸ ਸਮੇਂ ਦਿੱਲੀ ਪੁਲਿਸ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਭਾਲ ਕਰ ਰਹੀ ਹੈ। ਦਰਅਸਲ, ਪਹਿਲਵਾਨਾਂ ਦੇ ਦੋ ਸਮੂਹਾਂ ਦੀ ਦਿੱਲੀ ਦੇ ਮਾਡਲ ਟਾਊਨ ਖੇਤਰ ਦੇ ਛਤਰਸਾਲ ਸਟੇਡੀਅਮ ਵਿੱਚ ਲੜਾਈ ਹੋਈ ਸੀ। ਇਸ ਵਿੱਚ 5 ਪਹਿਲਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਤੋਂ ਬਾਅਦ ਸਾਰਿਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਸਾਗਰ ਨਾਮ ਦੇ ਇੱਕ ਪਹਿਲਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਨੇ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਤਲਾਨਾ ਲੜਾਈ ਪਹਿਲਵਾਨ ਸੁਸ਼ੀਲ ਕੁਮਾਰ, ਅਜੇ, ਸੋਨੂੰ, ਸਾਗਰ, ਪ੍ਰਿੰਸ ਅਤੇ ਅਮਿਤ ਦੇ ਇਲਾਵਾ ਕਈ ਪਹਿਲਵਾਨਾਂ ਵਿਚਕਾਰ ਹੋਈ ਸੀ, ਕਿਉਂਕਿ ਦਿੱਲੀ ਪੁਲਿਸ ਨੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ਅਤੇ ਜਾਂਚ ਤੋਂ ਬਾਅਦ ਐਫਆਈਆਰ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਮ ਲਿਖਿਆ ਹੈ, ਇਸ ਲਈ ਸੁਸ਼ੀਲ ਕੁਮਾਰ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਸੁਸ਼ੀਲ ਕੁਮਾਰ ਅਤੇ ਹੋਰ ਮੁਲਜ਼ਮਾਂ ਦੀ ਭਾਲ ਲਈ ਦਿੱਲੀ ਪੁਲਿਸ ਦੀਆਂ ਕਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਦੇ ਮਿਲਣ ਤੋਂ ਬਾਅਦ ਜਾਂਚ ਵਿੱਚ ਸਾਰਾ ਮਾਮਲਾ ਸਾਹਮਣੇ ਆਵੇਗਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਗਰ ਨਾਮ ਦਾ ਪਹਿਲਵਾਨ ਆਪਣੇ ਦੋਸਤਾਂ ਨਾਲ ਛਤਰਸਾਲ ਸਟੇਡੀਅਮ ਨੇੜੇ ਮਾਡਲ ਟਾਊਨ ਵਿੱਚ ਇੱਕ ਘਰ ਵਿੱਚ ਰਹਿੰਦਾ ਸੀ। ਸੂਤਰਾਂ ਅਨੁਸਾਰ ਲੜਾਈ ਇਸ ਜਾਇਦਾਦ ਨਾਲ ਸ਼ੁਰੂ ਹੋਈ ਸੀ। ਇਸ ਤੋਂ ਬਾਅਦ, ਦੋਵਾਂ ਧਿਰਾਂ ਵਿਚਕਾਰ ਕੁੱਟਮਾਰ ਅਤੇ ਗੋਲੀਬਾਰੀ ਹੋਈ ਹੈ, ਜਿਸ ਵਿੱਚ ਇੱਕ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪੁਲਿਸ ਨੂੰ ਇੱਕ ਸਕਾਰਪੀਓ ਕਾਰ ਅਤੇ ਇੱਕ ਲੋਡਡ ਡਬਲ ਬੈਰਲ ਗਨ ਵਾਰਦਾਤ ਦੇ ਮੌਕੇ ਤੋਂ ਬਰਾਮਦ ਹੋਈ ਹੈ, ਜਿਸਦੇ ਨਾਲ ਪੁਲਿਸ ਨੂੰ ਕਾਰਤੂਸ ਵੀ ਮਿਲੇ ਹਨ।