eng vs pak 3rd test : ਪਾਕਿਸਤਾਨ ਖਿਲਾਫ ਤੀਸਰੇ ਟੈਸਟ ਮੈਚ ਦੇ ਪੰਜਵੇਂ ਦਿਨ, ਜੇਮਸ ਐਂਡਰਸਨ ਨੇ ਪਾਕਿਸਤਾਨ ਦੇ ਕਪਤਾਨ ਅਜ਼ਹਰ ਅਲੀ ਨੂੰ ਆਊਟ ਕਰਨ ਤੋਂ ਬਾਅਦ ਆਪਣੇ ਟੈਸਟ ਕਰੀਅਰ ਵਿੱਚ 600 ਵਿਕਟਾਂ ਪੂਰੀਆਂ ਕਰ ਲਈਆਂ ਹਨ। ਐਂਡਰਸਨ ਇੱਕ ਤੇਜ਼ ਗੇਂਦਬਾਜ਼ ਵਜੋਂ ਟੈਸਟ ਵਿੱਚ 600 ਵਿਕਟਾਂ ਲੈਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਸੇ ਵੀ ਤੇਜ਼ ਗੇਂਦਬਾਜ਼ ਨੇ 600 ਵਿਕਟਾਂ ਪੂਰੀਆਂ ਕਰਨ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ। ਮੁਰਲੀਧਰਨ, ਵਾਰਨ ਅਤੇ ਕੁੰਬਲੇ ਨੇ ਬਤੌਰ ਸਪਿਨਰ ਟੈਸਟ ਵਿੱਚ 600 ਤੋਂ ਵੱਧ ਵਿਕਟਾਂ ਲਈਆਂ ਹਨ। ਐਂਡਰਸਨ ਨੇ ਸਿਰਫ 156 ਟੈਸਟਾਂ ਵਿੱਚ ਹੀ ਇਹ ਮੁਕਾਮ ਹਾਸਿਲ ਕੀਤਾ ਹੈ। ਐਂਡਰਸਨ ਟੈਸਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਚੌਥਾ ਗੇਂਦਬਾਜ਼ ਵੀ ਬਣ ਗਿਆ ਹੈ।
ਇਸ ਤੋਂ ਇਲਾਵਾ ਐਂਡਰਸਨ ਦਾ ਇੰਗਲੈਂਡ ਵਲੋਂ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਹੈ। ਆਪਣੇ ਟੈਸਟ ਕਰੀਅਰ ‘ਚ ਹੁਣ ਤੱਕ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਨੇ 29 ਪਾਰੀਆਂ ਵਿੱਚ 5 ਵਿਕਟਾਂ ਝਟਕਾਈਆਂ ਹਨ। ਐਂਡਰਸਨ ਨੇ ਆਪਣੇ ਟੈਸਟ ਕਰੀਅਰ ‘ਚ ਸਚਿਨ ਤੇਂਦੁਲਕਰ ਨੂੰ 9 ਵਾਰ ਆਊਟ ਕੀਤਾ ਹੈ। ਜੇਮਜ਼ ਐਂਡਰਸਨ ਨੇ ਸਾਲ 2003 ਵਿੱਚ ਜ਼ਿੰਬਾਬਵੇ ਖਿਲਾਫ ਟੈਸਟ ਮੈਚ ਦੀ ਸ਼ੁਰੂਆਤ ਕੀਤੀ ਸੀ। ਆਪਣੇ 17 ਸਾਲਾਂ ਦੇ ਟੈਸਟ ਕਰੀਅਰ ‘ਚ ਐਂਡਰਸਨ ਨੇ ਆਪਣੀ ਗੇਂਦਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਟਵਿੱਟਰ ‘ਤੇ ਐਂਡਰਸਨ ਦੇ ਕਾਰਨਾਮੇ ਦੀ ਚਰਚਾ ਹੋ ਰਹੀ ਹੈ। ਕ੍ਰਿਕਟ ਵਰਲਡ ਉਨ੍ਹਾਂ ਨੂੰ ਇਸ ਮਹਾਨ ਕਾਰਨਾਮੇ ਲਈ ਵਧਾਈ ਦੇ ਰਿਹਾ ਹੈ।