Farmers protest tweet of irfan pathan : ਖੇਤੀ ਕਾਨੂੰਨ ਖਿਲਾਫ ਕਿਸਾਨਾ ਦਾ ਪ੍ਰਦਰਸ਼ਨ ਨਿਰੰਤਰ ਜਾਰੀ ਹੈ। ਦਿੱਲੀ ਦੀਆ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 72 ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਇਸੇ ਵਿਚਕਾਰ ਬੀਤੇ ਕੁੱਝ ਦਿਨਾਂ ਤੋਂ ਕਿਸਾਨ ਅੰਦੋਲਨ ਲਈ ਵਿਦੇਸ਼ੀ ਮਸ਼ਹੂਰ ਹਸਤੀਆਂ ਵੱਲੋਂ ਪ੍ਰਾਪਤ ਹਮਾਇਤ ‘ਤੇ ਬਹਿਸ ਦਾ ਸਿਲਸਿਲਾ ਵੀ ਨਿਰੰਤਰ ਜਾਰੀ ਹੈ। ਇਸੇ ਕੜੀ ‘ਚ ਹੁਣ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਵੀ ਜੁੜ ਗਏ ਹਨ। ਪਠਾਨ ਨੇ ਇੱਕ ਟਵੀਟ ਕੀਤਾ ਹੈ ਜੋ ਕਾਫ਼ੀ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪਠਾਨ ਨੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਬਾਹਰੀ ਦਖਲਅੰਦਾਜ਼ੀ ‘ਤੇ ਬੋਲਦਿਆਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਦਿੱਤਾ ਹੈ। ਪਠਾਨ ਨੇ ਵੀਰਵਾਰ ਨੂੰ ਟਵਿੱਟਰ ਹੈਂਡਲ ‘ਤੇ ਇੱਕ ਸਵਾਲ ਦੇ ਰੂਪ ‘ਚ ਟਵੀਟ ਕੀਤਾ ਹੈ। ਇਰਫਾਨ ਨੇ ਲਿਖਿਆ ਕਿ, “ਜਾਰਜ ਫਲਾਇਡ ਦੀ ਹੱਤਿਆ ‘ਤੇ ਭਾਰਤ ਦਾ ਦੁੱਖ ਪ੍ਰਗਟ ਕਰਨਾ ਅਮਰੀਕਾ ਦਾ ਅੰਦਰੂਨੀ ਮਾਮਲਾ ਹੋ ਸਕਦਾ ਸੀ।”
ਆਪਣੀ ਪੋਸਟ ਵਿੱਚ, ਪਠਾਨ ਨੇ ਸਪੱਸ਼ਟ ਕੀਤਾ ਕਿ ਭਾਰਤੀਆਂ ਨੇ ਵੀ ਅਮਰੀਕਾ ਵਿੱਚ ਪੁਲਿਸ ਅੱਤਿਆਚਾਰਾਂ ਦੇ ਪੀੜਤ ਜਾਰਜ ਫਲਾਇਡ ਦੀ ਹੱਤਿਆ ‘ਤੇ ਚਿੰਤਾ ਜ਼ਾਹਿਰ ਕੀਤੀ ਸੀ। ਉਨ੍ਹਾਂ ਨੇ ਲਿਖਿਆ, “ਜਦੋਂ ਅਮਰੀਕਾ ਵਿੱਚ ਪੁਲਿਸ ਵਾਲੇ ਨੇ ਜਾਰਜ ਫਲਾਇਡ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਸੀ ਤਾਂ ਸਾਡੇ ਦੇਸ਼ ਨੇ ਆਪਣਾ ਦੁੱਖ ਜ਼ਾਹਿਰ ਕੀਤਾ ਸੀ।” ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੀਆਂ ਵਿਦੇਸ਼ੀ ਹਸਤੀਆਂ ਨੇ ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ਬਾਰੇ ਆਪਣੀ ਰਾਏ ਜ਼ਾਹਿਰ ਕੀਤੀ ਹੈ। ਅਮਰੀਕੀ ਗਾਇਕਾਂ ਰਿਹਾਨਾ, ਮੀਆਂ ਖਲੀਫਾ, ਗ੍ਰੇਟਾ ਥਨਬਰਗ, ਯੂਐਸ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ, ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਉੱਤੇ ਪ੍ਰਦਰਸ਼ਨ ਬਾਰੇ ਟਵੀਟ ਕੀਤਾ ਹੈ। ਜਦਕਿ ਵਿਦੇਸ਼ੀ ਮਸ਼ਹੂਰ ਹਸਤੀਆਂ ਦੀਆਂ ਚਿੰਤਾਵਾਂ ਨੂੰ ਭਾਰਤ ਸਰਕਾਰ ਨੇ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੱਸਿਆ ਹੈ।