gayle achieved a new record: ਕਿੰਗਜ਼ ਇਲੈਵਨ ਪੰਜਾਬ ਦੇ ਬੱਲੇਬਾਜ਼ ਕ੍ਰਿਸ ਗੇਲ ਨੇ ਆਈਪੀਐਲ ਸੀਜ਼ਨ 2020 ਦੇ ਆਪਣੇ ਪਹਿਲੇ ਮੈਚ ਵਿੱਚ ਇੱਕ ਖ਼ਾਸ ਰਿਕਾਰਡ ਹਾਸਿਲ ਕੀਤਾ ਹੈ। ਉਹ ਟੀ -20 ਕ੍ਰਿਕਟ ਵਿੱਚ ਚੌਕੇ ਅਤੇ ਛੱਕਿਆਂ ਦੀ ਮਦਦ ਨਾਲ 10,000 ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ। ਗੇਲ 8 ਸਾਲਾਂ ਦੇ ਬਾਅਦ ਕੱਲ ਲੀਗ ਵਿੱਚ ਪਹਿਲੀ ਵਾਰ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਲਈ ਉੱਤਰਿਆ ਸੀ। ਇਸ ਤੋਂ ਪਹਿਲਾਂ 2012 ਵਿੱਚ ਉਸਨੇ ਰਾਜਸਥਾਨ ਦੇ ਖਿਲਾਫ ਤੀਜੇ ਨੰਬਰ ਜਾਂ ਉਸ ਤੋਂ ਘੱਟ ਨੰਬਰ ‘ਤੇ ਬੱਲੇਬਾਜ਼ੀ ਕੀਤੀ ਸੀ। ਗੇਲ ਹਮੇਸ਼ਾ ਓਪਨਿੰਗ ਕਰਦਾ ਹੈ, ਪਰ ਉਹ ਆਰਸੀਬੀ ਦੇ ਖਿਲਾਫ ਬੱਲੇਬਾਜ਼ੀ ਲਈ ਤੀਜੇ ਨੰਬਰ ‘ਤੇ ਆਇਆ ਸੀ। ਗੇਲ ਨੇ ਟੀਮ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ, 45 ਗੇਂਦਾਂ ‘ਚ 5 ਛੱਕਿਆਂ ਅਤੇ ਇੱਕ ਚੌਕੇ ਦੀ ਮਦਦ ਨਾਲ 53 ਦੌੜਾਂ ਦੀ ਪਾਰੀ ਖੇਡੀ। ਗੇਲ ਨੇ ਵੱਖਰੇ ਅੰਦਾਜ਼ ਵਿੱਚ ਬੱਲੇਬਾਜ਼ੀ ਕੀਤੀ ਅਤੇ 5 ਛੱਕੇ ਲਗਾਏ। ਇਸ ਪਾਰੀ ‘ਚ ਕ੍ਰਿਸ ਗੇਲ ਨੇ 5 ਛੱਕਿਆਂ ਨੂੰ ਲਗਾਉਣ ਤੋਂ ਬਾਅਦ ਇੱਕ ਵਿਸ਼ੇਸ਼ ਰਿਕਾਰਡ ਹਾਸਿਲ ਕੀਤਾ ਹੈ। ਕ੍ਰਿਸ ਗੇਲ ਆਈਪੀਐਲ ਦੇ ਇਤਿਹਾਸ ਵਿੱਚ ਪਹਿਲਾ ਬੱਲੇਬਾਜ਼ ਹੈ ਜਿਸ ਨੇ 27 ਵੀਂ ਵਾਰ ਇੱਕ ਪਾਰੀ ਵਿੱਚ 5 ਜਾਂ ਇਸ ਤੋਂ ਵੱਧ ਛੱਕੇ ਲਗਾਏ ਸਨ।
ਗੇਲ ਨੇ ਹੁਣ ਤੱਕ ਆਈਪੀਐਲ ਵਿੱਚ 126 ਮੈਚਾਂ ਵਿੱਚ 331 ਛੱਕੇ ਲਗਾਏ ਹਨ ਅਤੇ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਹੈ। ਬੱਲੇ ਨਾਲ 53 ਦੌੜਾਂ ਦਾ ਯੋਗਦਾਨ ਦੇਣ ਵਾਲੇ ਅਨੁਭਵੀ ਨੇ ਕਿਹਾ, “ਮੈਂ ਘਬਰਾਇਆ ਨਹੀਂ ਸੀ। ਇਹ ‘ਬ੍ਰਹਿਮੰਡ ਬੌਸ’ ਦੀ ਬੱਲੇਬਾਜ਼ੀ ਹੈ, ਮੈਂ ਘਬਰਾ ਕਿਵੇਂ ਸਕਦਾ ਹਾਂ।” ਫੂਡ ਪੋਇਜ਼ਨਿੰਗ ਕਾਰਨ ਪਿੱਛਲੇ ਕੁੱਝ ਦਿਨਾਂ ਤੋਂ ਕ੍ਰਿਸ ਗੇਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮੈਚ ਤੋਂ ਪਹਿਲਾਂ ਉਸਨੇ ਟੀਮ ਦੇ ਅਧਿਕਾਰਤ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤੀ ਵੀਡੀਓ ਵਿੱਚ ਕਿਹਾ ਕਿ, “ਇੰਤਜ਼ਾਰ ਖ਼ਤਮ ਹੋ ਗਿਆ। ਆਈਪੀਐਲ ਵਿੱਚ ਟੀਮ ਦੀ ਯਾਤਰਾ ਅਜੇ ਖਤਮ ਨਹੀਂ ਹੋਈ ਹੈ। ਅਸੀਂ ਬਾਕੀ ਰਹਿੰਦੇ ਮੈਚ ਜਿੱਤ ਸਕਦੇ ਹਾਂ।” ਇਸ ਦੇ ਨਾਲ ਹੀ ਕਪਤਾਨ ਕੇ ਐਲ ਰਾਹੁਲ ਨੇ ਕਿਹਾ, “ਸ਼ੇਰ ਨੂੰ ਭੁੱਖਾ ਰੱਖਣਾ ਜ਼ਰੂਰੀ ਹੈ। ਗੇਲ ਜਿੱਥੇ ਵੀ ਬੱਲੇਬਾਜ਼ੀ ਕਰਦਾ ਹੈ, ਉਹ ਖਤਰਨਾਕ ਹੈ। ਉਹ ਇਸਨੂੰ ਚੁਣੌਤੀ ਵਜੋਂ ਲੈਂਦਾ ਹੈ। ਉਹ ਓਦੋਂ ਵੀ ਉਹੀ ਖਿਡਾਰੀ ਸੀ ਜਦੋਂ ਉਹ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਇਆ ਸੀ। ਉਸਨੇ ਅੱਜ ਆਪਣਾ ਕੰਮ ਕੀਤਾ। ਇਸ ਨੂੰ ਅੱਗੇ ਵੀ ਜਾਰੀ ਰੱਖਾਂਗੇ।” ਰਾਹੁਲ ਨੇ ਅੱਗੇ ਕਿਹਾ ਕਿ ਪੁਆਇੰਟ ਟੇਬਲ ‘ਚ ਜਿਸ ਤਰਾਂ ਦੀ ਸਾਡੀ ਸਥਿਤੀ ਸੀ, ਉਸ ਤੋਂ ਅਸੀਂ ਕਈ ਗੁਣਾ ਬਿਹਤਰ ਆਏ ਹਾਂ। ਮੁਕਾਬਲਾ ਬਹੁਤ ਨੇੜੇ ਸੀ। ਮੈਨੂੰ ਖੁਸ਼ੀ ਹੈ ਕਿ ਅਸੀਂ ਬੈਰੀਅਰ ਪਾਰ ਕਰਕੇ ਜਿੱਤੇ।