Gayle responds to fans: ਕਿੰਗਜ਼ ਇਲੈਵਨ ਪੰਜਾਬ (KXIP) ਦੇ ਕੈਰੇਬੀਅਨ ਬੱਲੇਬਾਜ਼ ਕ੍ਰਿਸ ਗੇਲ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਆਈਪੀਐਲ ਦਾ ਆਪਣਾ ਪਹਿਲਾ ਮੈਚ ਵੀਰਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਖਿਲਾਫ ਖੇਡ ਸਕਦਾ ਹੈ। ਉਹ ਪੇਟ ਦੇ ਦਰਦ (ਫੂਡ ਪੋਇਜ਼ਨਿੰਗ) ਤੋਂ ਠੀਕ ਹੋ ਗਿਆ ਹੈ। ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਸੀ ਕਿ ਗੇਲ ‘ਫੂਡ ਪੋਇਜ਼ਨਿੰਗ’ ਕਾਰਨ ਸਨਰਾਈਜ਼ਰਜ਼ ਹੈਦਰਾਬਾਦ (SRH) ਖ਼ਿਲਾਫ਼ ਮੈਚ ਨਹੀਂ ਖੇਡ ਸਕਿਆ ਸੀ। ਇਹ 41 ਸਾਲਾ ਵਿਸਫੋਟਕ ਬੱਲੇਬਾਜ਼ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਵੀ ਨਹੀਂ ਖੇਡਿਆ ਸੀ। ਗੇਲ ਨੇ ਹਸਪਤਾਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਦਕਿ ਕਿੰਗਜ਼ ਇਲੈਵਨ ਨੇ ਸੋਮਵਾਰ ਨੂੰ ਗੇਲ ਦੀ ਅਭਿਆਸ ‘ਤੇ ਵਾਪਿਸ ਆਉਣ ਦੀ ਤਸਵੀਰ ਜਾਰੀ ਕੀਤੀ ਸੀ।
ਗੇਲ ਨੇ ਇੱਕ ਸੰਖੇਪ ਵੀਡੀਓ ‘ਚ ਕਿਹਾ, “ਸਾਰੇ ਪ੍ਰਸ਼ੰਸਕਾਂ ਨੂੰ ਮੇਰਾ ਜਵਾਬ, ਹੁਣ ਇੰਤਜ਼ਾਰ ਖਤਮ ਹੋ ਗਿਆ ਹੈ। ਯੂਨੀਵਰਸ ਬੌਸ (ਇਸ ਨਾਮ ਨਾਲ ਵੀ ਗੇਲ ਨੂੰ ਜਾਣਿਆ ਜਾਂਦਾ ਹੈ) ਵਾਪਿਸ ਆ ਗਿਆ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਸਾਰੇ ਲੰਬੇ ਸਮੇਂ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਹੋ, ਜੇ ਯੂਨੀਵਰਸ ਬੌਸ ਨਾਲ ਕੁੱਝ ਨਾਟਕੀ ਨਹੀਂ ਵਾਪਰਦਾ, ਤਾਂ ਸਮਝੋ ਕਿ ਤੁਹਾਡੀ ਉਡੀਕ ਖਤਮ ਹੋ ਗਈ ਹੈ। ਮੈਨੂੰ ਉਮੀਦ ਹੈ ਕਿ ਕੁੱਝ ਵੀ ਬੁਰਾ ਨਹੀਂ ਹੋਵੇਗਾ।” ਗੇਲ ਨੇ ਕਿਹਾ, “ਇਹ ਅਜੇ ਵੀ ਸੰਭਵ ਹੈ (ਪਲੇਅ-ਆਫ ਵਿੱਚ ਜਗ੍ਹਾ ਬਣਾਉਣਾ), ਮੈਂ ਜਾਣਦਾ ਹਾਂ ਕਿ ਅਸੀਂ ਅੰਕ ਸੂਚੀ ਵਿੱਚ ਆਖਰੀ ਸਥਾਨ ‘ਤੇ ਹਾਂ, ਪਰ ਇਹ ਅਜੇ ਵੀ ਸੰਭਵ ਹੈ। ਇੱਥੇ ਸੱਤ ਮੈਚ ਬਾਕੀ ਹਨ ਅਤੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਸੱਤ ਮੈਚ ਜਿੱਤ ਸਕਦੇ ਹਾਂ, ਇਹ ਅਜੇ ਵੀ ਸੰਭਵ ਹੈ।” ਗੇਲ ਨੇ ਕਿਹਾ, “ਮੈਂ ਸਾਰੇ ਖਿਡਾਰੀਆਂ ਨੂੰ ਆਤਮ ਵਿਸ਼ਵਾਸ ਦੀ ਅਪੀਲ ਕਰਦਾ ਹਾਂ। ਜਿਵੇਂ ਕਿ ਮੈਂ ਕਿਹਾ ਹੈ, ਅਸੀਂ ਸਿਰਫ ਇੱਥੋਂ ਉਪਰ ਜਾ ਸਕਦੇ ਹਾਂ। ਅਸੀਂ ਇਹ ਕਰ ਸਕਦੇ ਹਾਂ।” ਇਸ ਤੋਂ ਪਹਿਲਾਂ ਇੱਕ ਟੀਮ ਦੇ ਸੂਤਰ ਨੇ ਕਿਹਾ, “ਉਹ ਹੁਣ ਤੰਦਰੁਸਤ ਹੈ ਅਤੇ ਆਰਸੀਬੀ ਖਿਲਾਫ ਮੈਚ ਵਿੱਚ ਖੇਡਣ ਦੀ ਉਮੀਦ ਹੈ।” ਇਹ ਮੈਚ ਸ਼ਾਰਜਾਹ ‘ਚ ਹੋਵੇਗਾ ਜਿੱਥੇ ਮੈਦਾਨ ਤਿੰਨੇ ਆਈਪੀਐਲ ਮੈਦਾਨਾਂ ਵਿੱਚੋਂ ਸਭ ਤੋਂ ਛੋਟਾ ਹੈ।