Happy Birthday Anil Kumble: ਅੱਜ ਭਾਰਤ ਦੇ ਮਹਾਨ ਸਪਿਨਰ ਅਨਿਲ ਕੁੰਬਲੇ ਦਾ ਜਨਮਦਿਨ ਹੈ। ਕੁੰਬਲੇ ਦੇ ਜਨਮਦਿਨ ‘ਤੇ, ਕ੍ਰਿਕਟਰ ਆਪਣੇ ਵੱਲੋਂ ਉਨ੍ਹਾਂ ਨੂੰ ਜਨਮਦਿਨ ਮੌਕੇ ਸ਼ੁਭਕਾਮਨਾਮਾ ਦੇ ਰਹੇ ਹਨ। ਕੁੰਬਲੇ ਦੇ ਜਨਮਦਿਨ ‘ਤੇ ਸਾਬਕਾ ਕ੍ਰਿਕਟਰਾਂ ਤੋਂ ਲੈ ਕੇ ਮੌਜੂਦਾ ਕ੍ਰਿਕਟਰਾਂ ਨੇ ਕੁੰਬਲੇ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ ਹੈ, ਪਰ ਕ੍ਰਿਕਟਰਾਂ ਦੀ ਇਸ ਕਤਾਰ ਵਿੱਚ ਇੱਕ ਨਾਮ ਅਜਿਹਾ ਵੀ ਹੈ, ਜੋ ਕਿ ਬਹੁਤ ਸੁਰਖੀਆਂ ‘ਚ ਆ ਰਿਹਾ ਹੈ। ਦਰਅਸਲ, ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸਾਬਕਾ ਸਪਿਨਰ ਅਤੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਕੋਹਲੀ ਨੇ ਟਵੀਟ ਕਰ ਸਾਬਕਾ ਕੋਚ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਵਧਾਈ ਦਿੱਤੀ ਹੈ। ਕੋਹਲੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਹੈਪੀ ਬਰਥਡੇ, ਅਨਿਲ ਭਾਈ, ਤੁਹਾਡਾ ਦਿਨ ਵਧੀਆ ਰਹੇ।’ ਕੋਹਲੀ ਦਾ ਇਹ ਟਵੀਟ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਕੋਹਲੀ ਦੇ ਟਵੀਟ ‘ਤੇ ਕਾਫ਼ੀ ਕਮੈਂਟਸ ਕਰ ਰਹੇ ਹਨ।
ਦੱਸ ਦੇਈਏ ਕਿ ਸਾਬਕਾ ਭਾਰਤੀ ਟੈਸਟ ਕਪਤਾਨ ਅਨਿਲ ਕੁੰਬਲੇ ਦਾ ਕੋਚ ਵਜੋਂ ਵੀ ਇੱਕ ਸਾਲ ਬਹੁਤ ਸਫਲ ਰਿਹਾ ਸੀ, ਉਨ੍ਹਾਂ ਦੇ ਕਾਰਜਕਾਲ ਵਿੱਚ 17 ਟੈਸਟ ਮੈਚਾਂ ਵਿੱਚ, ਭਾਰਤੀ ਟੀਮ ਨੂੰ ਸਿਰਫ 1 ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, 2017 ਦੀ ਚੈਂਪੀਅਨਸ਼ਿਪ ਟਰਾਫੀ ਦੇ ਫਾਈਨਲ ਵਿੱਚ ਭਾਰਤੀ ਟੀਮ ਹਾਰ ਗਈ ਸੀ। ਕੁੰਬਲੇ ਨੇ 2017 ਚੈਂਪੀਅਨਸ਼ਿਪ ਟਰਾਫੀ ਤੋਂ ਬਾਅਦ ਕੋਚਿੰਗ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸ ਦੇਈਏ ਕਿ ਕਪਤਾਨ ਕੋਹਲੀ ਅਤੇ ਕੁੰਬਲੇ ਵਿਚਾਲੇ ਮਤਭੇਦ ਦੀਆਂ ਖ਼ਬਰਾਂ ਆਈਆਂ ਸਨ, ਆਖਰਕਾਰ ਕੁੰਬਲੇ ਨੂੰ ਕੋਚਿੰਗ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਕੁੰਬਲੇ ਨੇ ਕਈ ਵਾਰ ਇੰਟਰਵਿਊਆਂ ਵਿੱਚ ਕਿਹਾ ਹੈ ਕਿ ਇੱਕ ਸਾਲ ਉਸਨੇ ਭਾਰਤੀ ਟੀਮ ਨਾਲ ਬਿਤਾਇਆ ਕਾਫ਼ੀ ਹੈਰਾਨੀਜਨਕ ਸੀ। ਕੁੰਬਲੇ ਦੀ ਕੋਚਿੰਗ ਦੇ ਤਹਿਤ, ਭਾਰਤੀ ਟੀਮ ਟੈਸਟ ਕ੍ਰਿਕਟ ਵਿੱਚ ਵਿਸ਼ਵ ਚੈਂਪੀਅਨ ਵਜੋਂ ਉਭਰੀ ਸੀ। ਭਾਰਤ ਲਈ ਕੁੰਬਲੇ ਨੇ 132 ਟੈਸਟ ਮੈਚਾਂ ‘ਚ 619 ਵਿਕਟਾਂ ਅਤੇ 271 ਵਨਡੇ ਮੈਚਾਂ ‘ਚ 337 ਵਿਕਟਾਂ ਲਈਆਂ ਹਨ। ਅਨਿਲ ਕੁੰਬਲੇ ਟੈਸਟ ਕ੍ਰਿਕਟ ਦਾ ਤੀਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਕੁੰਬਲੇ ਨੇ ਗੇਂਦਬਾਜ਼ੀ ਨਾਲ ਆਪਣੇ ਕਰੀਅਰ ਵਿੱਚ ਜੋ ਮੁਕਾਮ ਹਾਸਿਲ ਕੀਤਾ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ।