Harbhajan Singh on corona crisis: ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ ਅਤੇ ਜਿਸ ਕਾਰਨ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿੱਚ ਰੋਜ਼ਾਨਾ 3 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਇਸੇ ਵਿਚਾਲੇ ਭਾਰਤੀ ਆਫ ਸਪਿਨਰ ਹਰਭਜਨ ਸਿੰਘ ਚੀਨ ’ਤੇ ਭੜਕਦੇ ਨਜ਼ਰ ਆਏ । ਉਨ੍ਹਾਂ ਨੇ ਚੀਨ ’ਤੇ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਫੈਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉੱਥੇ ਅੱਜ ਇੱਕ ਵੀ ਮਾਮਲਾ ਸਾਹਮਣੇ ਨਹੀਂ ਆ ਰਿਹਾ ਹੈ । ਦਰਅਸਲ, ਹਰਭਜਨ ਸਿੰਘ ਨੇ ਇੱਕ ਅਖ਼ਬਾਰ ਦੀ ਖਬਰ ਵੀ ਸਾਂਝੀ ਕੀਤੀ, ਜਿਸ ਵਿੱਚ ਅਮਰੀਕਾ ਦੇ ਚੋਟੀ ਦੇ ਮਹਾਂਮਾਰੀ ਮਾਹਰ ਡਾਕਟਰ ਐਂਥਨੀ ਫਾਊਚੀ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਵਿੱਚ ਕੁਝ ਹਫ਼ਤਿਆਂ ਲਈ ਲਾਕਡਾਊਨ ਲਗਾਉਣ ਦੀ ਸਲਾਹ ਦਿੱਤੀ ਹੈ।
ਹਰਭਜਨ ਸਿੰਘ ਨੇ ਟਵੀਟ ਕਰਦਿਆਂ ਕਿਹਾ, ‘ਕੀ ਅਮਰੀਕਾ ਅਤੇ ਦੂਜੇ ਦੇਸ਼ ਇਕੱਠੇ ਨਹੀਂ ਹੋ ਸਕਦੇ, ਜੋ ਚੀਨ ਤੋਂ ਮੁਸ਼ਕਿਲ ਸਵਾਲ ਪੁੱਛ ਸਕਣ । ਕਿਉਂ ਉਸ ਨੇ ਪੁਰੀ ਦੁਨੀਆ ਵਿੱਚ ਇਹ ਵਾਇਰਸ ਫੈਲਾ ਦਿੱਤਾ, ਹਰ ਜਗ੍ਹਾ ਹਾਲਤ ਖ਼ਰਾਬ ਕਰ ਦਿੱਤੀ ਅਤੇ ਸਾਨੂੰ ਤਾਂ ਚੀਨ ਵਿੱਚ ਹੋਰ ਮਾਮਲੇ ਸਾਹਮਣੇ ਆਉਣ ਦੀ ਖ਼ਬਰ ਵੀ ਨਹੀਂ ਮਿਲਦੀ।’ ਉਨ੍ਹਾਂ ਨੇ ਨਾਲ ਹੀ ਗੁੱਸੇ ਵਾਲੀ ਇਮੋਜੀ ਵੀ ਪੋਸਟ ਕੀਤੇ ਹਨ ।
ਦੱਸ ਦੇਈਏ ਕਿ ਫਾਊਚੀ ਨੇ ਇੱਕ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਲਾਕਡਾਊਨ ਦੇ ਇਲਾਵਾ ਆਕਸੀਜਨ, ਦਵਾਈਆਂ ਅਤੇ ਪੀ.ਪੀ.ਈ. ਕਿੱਟ ਦੀ ਉਪਲੱਬਧਤਾ ਵਧਾਉਣਾ ਦੂਜੀ ਮਹੱਤਵਪੂਰਨ ਜ਼ਰੂਰਤ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਭਾਰਤ ਵਿੱਚ 6 ਮਹੀਨੇ ਦੀ ਪਾਬੰਦੀ ਲਗਾਉਣ ਦੀ ਜ਼ਰੂਰਤ ਨਹੀਂ ਹੈ, ਪਰ ਟ੍ਰਾਂਸਮਿਸ਼ਨ ਨੂੰ ਰੋਕਣ ਲਈ ਅਸਥਾਈ ਰੂਪ ਨਾਲ ਲਾਕਡਾਊਨ ਲਗਾਇਆ ਜਾ ਸਕਦਾ ਹੈ।