ਟੀਮ ਇੰਡੀਆ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ ਕੋਰੋਨਾ ਦੀ ਚਪੇਟ ‘ਚ ਆ ਗਏ ਹਨ। ਸਾਬਕਾ ਆਫ ਸਪਿਨਰ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਕਿ ਉਹ ਕੋਰੋਨਾ ਪੌਜੇਟਿਵ ਪਾਏ ਗਏ ਹਨ। ਭੱਜੀ ਨੇ ਆਪਣੇ ਸੰਪਰਕ ਵਿੱਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਹੈ।
ਹਰਭਜਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਭੱਜੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ”ਮੇਰੀ ਰਿਪੋਰਟ ਕੋਵਿਡ ਪੌਜੇਟਿਵ ਆਈ ਹੈ, ਮੈਂ ਫਿਲਹਾਲ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਿਹਾ ਹਾਂ। ਮੈਂ ਉਨ੍ਹਾਂ ਲੋਕਾਂ ਨੂੰ ਬੇਨਤੀ ਕਰਾਂਗਾ ਜੋ ਮੇਰੇ ਸੰਪਰਕ ਵਿੱਚ ਆਏ ਹਨ ਉਹ ਜਲਦੀ ਤੋਂ ਜਲਦੀ ਆਪਣਾ ਟੈਸਟ ਕਰਵਾਉਣ। ਕਿਰਪਾ ਕਰਕੇ ਸੁਰੱਖਿਅਤ ਰਹੋ ਅਤੇ ਆਪਣਾ ਖਿਆਲ ਰੱਖੋ।”
ਇਹ ਵੀ ਪੜ੍ਹੋ : ਕੇਜਰੀਵਾਲ ਦਾ ਦਾਅਵਾ – ‘ਸਾਡੇ ਸਰਵੇ ਦੱਸ ਰਿਹੈ ਚਮਕੌਰ ਸਾਹਿਬ ਤੋਂ CM ਚੰਨੀ ਹਾਰ ਰਹੇ ਨੇ’
ਹਰਭਜਨ ਵਿੱਚ ਕਰੋਨਾ ਦੇ ਹਲਕੇ ਲੱਛਣ ਹਨ। ਭੱਜੀ ਨੇ ਹਾਲ ਹੀ ਵਿੱਚ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈ ਲਿਆ ਸੀ ਅਤੇ ਕਿਹਾ ਸੀ ਕਿ ਉਹ ਭਵਿੱਖ ਵਿੱਚ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਨ। ਪਿਛਲੇ ਮਹੀਨੇ 24 ਦਸੰਬਰ ਨੂੰ ਹਰਭਜਨ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ, ਜਿਸ ਨੂੰ ਉਹ ਬਹੁਤ ਪਸੰਦ ਕਰਦੇ ਸਨ। ਹਰਭਜਨ ਨੇ ਟੈਸਟ ਵਿੱਚ ਭਾਰਤ ਲਈ ਚੌਥੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵਜੋਂ ਆਪਣੇ 23 ਸਾਲਾਂ ਦੇ ਲੰਬੇ ਕ੍ਰਿਕਟ ਕਰੀਅਰ ਦਾ ਅੰਤ ਕੀਤਾ ਸੀ। 40 ਸਾਲਾ ਹਰਭਜਨ 2007 ਟੀ-20 ਵਿਸ਼ਵ ਕੱਪ ਅਤੇ 2011 ਦਾ ਵਿਸ਼ਵ ਕੱਪ ਜਿੱਤਣ ਵਾਲੇ ਦੋ ਵਾਰ ਵਿਸ਼ਵ ਕੱਪ ਜੇਤੂ ਖਿਡਾਰੀ ਹਨ। ਹਰਭਜਨ ਸਿੰਘ ਨੇ ਭਾਰਤ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 5 ਸਾਲ ਪਹਿਲਾਂ 2016 ਏਸ਼ੀਆ ਕੱਪ ਟੀ-20 ਵਿੱਚ UAE ਖਿਲਾਫ ਖੇਡਿਆ ਸੀ।
ਵੀਡੀਓ ਲਈ ਕਲਿੱਕ ਕਰੋ -: