ਸਚਿਨ ਤੇਂਦੁਲਕਰ ਵਨਡੇ ਵਿਸ਼ਵ ਕੱਪ ਦੇ ਗਲੋਬਲ ਬ੍ਰਾਂਡ ਐਂਬੈਸੇਡਰ ਬਣਾਏ ਗਏ ਹਨ। ICC ਨੇ ਮੰਗਲਵਾਰ ਨੂੰ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ। ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਤੇਂਦੁਲਕਰ ਇੱਥੇ ਟਰਾਫੀ ਲੈ ਕੇ ਪਹੁੰਚਣਗੇ। ਇਸ ਤੋਂ ਬਾਅਦ ਵਿਸ਼ਵ ਕੱਪ ਦਾ ਆਗਾਜ਼ ਹੋਵੇਗਾ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡਿਆ ਜਾਵੇਗਾ। ਦੋਵੇਂ ਟੀਮਾਂ 2019 ਵਿਸ਼ਵ ਕੱਪ ਦੀਆਂ ਫਾਇਨਲਿਸਟ ਹਨ।
ਗਲੋਬਲ ਬ੍ਰਾਂਡ ਐਂਬੈਸੇਡਰ ਬਣਾਏ ਜਾਣ ਤੋਂ ਬਾਅਦ ਸਚਿਨ ਨੇ ਕਿਹਾ ਕਿ ਕਿ ਵਿਸ਼ਵ ਕੱਪ ਦੀ ਮੇਰੇ ਦਿਲ ‘ਚ ਖਾਸ ਥਾਂ ਰਹੀ ਹੈ। 1987 ਵਿੱਚ ਬਾਲ ਬਾਯ ਤੋਂ ਲੈ ਕੇ 6 ਵਾਰ ਦੇਸ਼ ਦੀ ਅਗਵਾਈ ਕਰਨਾ ਤੇ 2011 ਵਿਸ਼ਵ ਕੱਪ ਜਿੱਤਣਾ ਮੇਰੇ ਲਈ ਸਭ ਤੋਂ ਮਾਣ ਵਾਲਾ ਪਲ ਰਿਹਾ ਹੈ। ਭਾਰਤ ਵਿੱਚ ਹੋ ਰਹੇ ਵਿਸ਼ਵ ਕੱਪ ਵਿੱਚ ਇੰਨੀਆਂ ਟੀਮਾਂ ਤੇ ਖਿਡਾਰੀ ਮਜ਼ਬੂਤੀ ਨਾਲ ਲੜਨ ਵਾਲੇ ਹਨ। ਮੈਂ ਇਸ ਟੂਰਨਾਮੈਂਟ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੈਨੂੰ ਉਮੀਦ ਹੈ ਕਿ ਇਹ ਐਡੀਸ਼ਨ ਬੱਚਿਆਂ ਨੂੰ ਖੇਡਾਂ ਵਿੱਚ ਆਉਣ ਅਤੇ ਦੇਸ਼ ਦੀ ਅਗਵਾਈ ਕਰਨ ਦੀ ਪ੍ਰੇਰਣਾ ਦੇਵੇਗਾ।
ਦੱਸ ਦੇਈਏ ਕਿ ICC ਨੇ ਵਿਵਿਯਨ ਰਿਚਰਡਜ਼, ਏਬੀ ਡਿਵਿਲੀਅਰਜ਼, ਆਐੱਨ ਮਾਰਗਨ, ਐਰੋਨ ਫਿੰਚ, ਮੁਥੈਆ ਮੁਰਲੀਧਰਨ, ਰਾਸ ਟੇਲਰ, ਸੁਰੇਸ਼ ਰੈਨਾ, ਮਿਤਾਲੀ ਰਾਜ ਤੇ ਮੁਹੰਮਦ ਹਫ਼ੀਜ਼ ਨੂੰ ਬ੍ਰਾਂਡ ਐਂਬੈਸੇਡਰ ਬਣਾਇਆ ਗਿਆ ਹੈ। ਗੌਰਤਲਬ ਹੈ ਕਿ ਸਚਿਨ ਤੇਂਦੁਲਕਰ 6 ਵਨਡੇ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਰਹੇ। ਉਨ੍ਹਾਂ ਨੇ 1992 ਤੋਂ 2011 ਤੱਕ 45 ਵਿਸ਼ਵ ਕੱਪ ਮੈਚਾਂ ਵਿੱਚ ਦੇਸ਼ ਦੀ ਅਗਵਾਈ ਕੀਤੀ। ਇਨ੍ਹਾਂ ਮੈਚਾਂ ਵਿੱਚ ਤੇਂਦੁਲਕਰ ਨੇ 56.95 ਦੀ ਐਵਰੇਜ ਨਾਲ 2278 ਦੌੜਾਂ ਬਣਾਈਆਂ। ਜਿਸ ਵਿੱਚ 6 ਸੈਂਕੜੇ ਤੇ 15 ਅਰਧ ਸੈਂਕੜੇ ਸ਼ਾਮਿਲ ਹਨ।
ਵੀਡੀਓ ਲਈ ਕਲਿੱਕ ਕਰੋ -: