ICC World Test Championship : ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਹੈ। ਆਸਟ੍ਰੇਲੀਆ ਵਿੱਚ ਦੋ ਮੈਚ ਜਿੱਤਣ ਤੋਂ ਬਾਅਦ, ਭਾਰਤੀ ਟੀਮ ਇੱਕ ਵਾਰ ਫਿਰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਪਹਿਲੇ ਨੰਬਰ ‘ਤੇ ਆ ਗਈ ਹੈ। ਇਸ ਜਿੱਤ ਦੇ ਨਾਲ, ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡਣ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਦੇ ਹੁਣ 71.7 ਪ੍ਰਤੀਸ਼ਤ ਅੰਕ ਹਨ ਅਤੇ 430 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਦੂਜੇ ਨੰਬਰ ‘ਤੇ 70 ਪ੍ਰਤੀਸ਼ਤ ਅੰਕ ਅਤੇ 420 ਅੰਕਾਂ ਨਾਲ ਨਿਊਜ਼ੀਲੈਂਡ ਹੈ। ਆਸਟ੍ਰੇਲੀਆ 69.2 ਪ੍ਰਤੀਸ਼ਤ ਅੰਕ ਅਤੇ 332 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਟੇਬਲ ਦੀਆਂ ਚੋਟੀ ਦੀਆਂ ਦੋ ਟੀਮਾਂ ਇਸ ਸਾਲ ਜੂਨ ਵਿੱਚ ਲਾਡਰਜ਼ ਵਿਖੇ ਫਾਈਨਲ ਖੇਡਣਗੀਆਂ। ਮੰਗਲਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਦੇ ਖਤਮ ਹੋਣ ਤੋਂ ਬਾਅਦ ਆਈਸੀਸੀ ਨੇ ਟਵੀਟ ਕੀਤਾ, “ਭਾਰਤ ਚੋਟੀ ‘ਤੇ ਹੈ।
ਗਾਬਾ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਆ ਗਿਆ ਹੈ। ਆਸਟ੍ਰੇਲੀਆ ਤੀਜੇ ਸਥਾਨ ‘ਤੇ ਖਿਸਕ ਗਈ ਹੈ।” ਭਾਰਤ ਨੇ ਹੁਣ ਇੰਗਲੈਂਡ ਨਾਲ ਪੰਜ ਫਰਵਰੀ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਜੇ ਭਾਰਤੀ ਟੀਮ ਇੰਗਲੈਂਡ ਖਿਲਾਫ 2-0 ਨਾਲ ਜਿੱਤ ਜਾਂਦੀ ਹੈ, ਤਾਂ ਉਹ ਜੂਨ ਵਿੱਚ ਲਾਰਡਜ਼ ਵਿਖੇ ਹੋਣ ਵਾਲੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਜੇਕਰ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਹਾਰ ਜਾਂਦੀ ਹੈ ਤਾਂ ਉਸ ਨੂੰ ਬਾਕੀ ਤਿੰਨ ਮੈਚ ਜਿੱਤਣੇ ਪੈਣਗੇ। ਨਿਊਜ਼ੀਲੈਂਡ ਨੇ ਅਜੇ ਜੂਨ ਤੱਕ ਕੋਈ ਟੈਸਟ ਸੀਰੀਜ਼ ਨਹੀਂ ਖੇਡਣੀ ਹੈ। ਆਸਟ੍ਰੇਲੀਆ ‘ਤੇ ਭਾਰਤ ਖਿਲਾਫ ਲੜੀ ਦੇ ਹਾਰਨ ਨਾਲ ਬਹੁਤ ਪ੍ਰਭਾਵ ਪਏਗਾ। ਆਸਟ੍ਰੇਲੀਆ ਨੂੰ ਹੁਣ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ 89 ਅੰਕ ਹਾਸਿਲ ਕਰਨੇ ਪੈਣਗੇ, ਤਦ ਹੀ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਨਿਊਜ਼ੀਲੈਂਡ ਤੋਂ ਉੱਪਰ ਜਾਵੇਗੀ। ਇਹ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਆਸਟ੍ਰੇਲੀਆ ਨੇ ਘੱਟੋ ਘੱਟ ਦੋ ਟੈਸਟ ਜਿੱਤੇ ਹੋਣ ਅਤੇ ਇੱਕ ਡਰਾਅ ਰਿਹਾ ਹੋਵੇ।
ਇਹ ਵੀ ਦੇਖੋ : ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ