ICC World Test Championship : ਭਾਰਤ ਨੇ ਪਿੱਛਲੇ ਦੋ ਟੈਸਟਾਂ ਵਿੱਚ ਇੰਗਲੈਂਡ ਨੂੰ ਹਰਾਇਆ ਹੈ। ਇੰਗਲੈਂਡ ਖ਼ਿਲਾਫ਼ ਦੋ ਜਿੱਤਾਂ ਨਾਲ ਭਾਰਤ ਦਾ ਇਸ ਸਾਲ ਜੂਨ ਵਿੱਚ ਹੋਣ ਵਾਲੀ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣਾ ਲੱਗਭਗ ਨਿਸ਼ਚਤ ਹੈ। ਭਾਰਤ ਨੂੰ ਹੁਣ ਇੰਗਲੈਂਡ ਖਿਲਾਫ ਆਖਰੀ ਟੈਸਟ ਮੈਚ ਵਿੱਚ ਡਰਾਅ ਦੀ ਜ਼ਰੂਰਤ ਹੈ। ਹਾਲਾਂਕਿ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡਣ ਦਾ ਇੰਗਲੈਂਡ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਇੰਗਲੈਂਡ ਨੂੰ ਅਹਿਮਦਾਬਾਦ ਟੈਸਟ ‘ਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਨਾਲ, ਇੰਗਲੈਂਡ ਦੀਆਂ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ।
ਡਬਲਯੂਟੀਸੀ ਦਾ ਫਾਈਨਲ ਮੈਚ 18 ਜੂਨ ਨੂੰ ਲੰਡਨ ਦੇ ਲਾਰਡਜ਼ ਦੇ ਮੈਦਾਨ ਵਿੱਚ ਖੇਡਿਆ ਜਾਣਾ ਹੈ। ਨਿਊਜ਼ੀਲੈਂਡ ਪਹਿਲਾਂ ਹੀ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਇੰਗਲੈਂਡ ‘ਤੇ ਜਿੱਤ ਤੋਂ ਬਾਅਦ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤ ਨੇ 2-1 ਦੀ ਲੀਡ ਹਾਸਿਲ ਕਰ ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੇ 71 ਪ੍ਰਤੀਸ਼ਤ ਅੰਕ ਹੋ ਗਏ ਹਨ ਅਤੇ ਡਬਲਯੂਟੀਸੀ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ, ਜਦੋਂਕਿ ਇੰਗਲੈਂਡ 64.1 ਪ੍ਰਤੀਸ਼ਤ ਦੇ ਨਾਲ ਚੌਥੇ ਨੰਬਰ ‘ਤੇ ਹੈ। ਭਾਰਤ ਨੂੰ ਫਾਈਨਲ ‘ਚ ਪਹੁੰਚਣ ਲਈ ਇੰਗਲੈਂਡ ਖਿਲਾਫ ਚੌਥਾ ਟੈਸਟ ਮੈਚ ਜਾ ਤਾਂ ਜਿੱਤਣਾ ਪਵੇਗਾ ਜਾ ਡਰਾਅ ਕਰਵਾਉਣਾ ਪਏਗਾ। ਜੇ ਇੰਗਲੈਂਡ ਚੌਥਾ ਟੈਸਟ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਲੜੀ ਵਿੱਚ 2-2 ਦੀ ਬਰਾਬਰੀ ਹੋ ਗਈ ਤਾਂ ਤੀਸਰੀ ਸਥਾਨ ਵਾਲੀ ਆਸਟ੍ਰੇਲੀਆ ਦੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ।
ਇਹ ਵੀ ਦੇਖੋ : ਸਿੰਘੂ ਬਾਡਰ ‘ਤੇ ਕਿਸਾਨ ਸਟੇਜ ਤੋਂ ਧਾਕੜ ਤਕਰੀਰਾਂ ਜਾਰੀ