impact of covid 19 on cricket: ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਕੋਵਿਡ -19 ਮਹਾਂਮਾਰੀ ਦੇ ਖਤਰੇ ਨੂੰ ਦੇਖਦੇ ਹੋਏ ਅਗਸਤ ਵਿੱਚ ਜ਼ਿੰਬਾਬਵੇ ਦਾ ਛੋਟਾ ਦੌਰਾ ਰੱਦ ਕਰ ਦਿੱਤਾ ਹੈ। ਇਸ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਸੀ, ਕਿਉਂਕਿ ਸ਼੍ਰੀਲੰਕਾ ਕ੍ਰਿਕਟ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਜੂਨ-ਜੁਲਾਈ ਵਿੱਚ ਭਾਰਤ ਦਾ ਸੀਮਤ ਓਵਰਾਂ ਦਾ ਦੌਰਾ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤ ਕ੍ਰਿਕਟ ਕੰਟਰੋਲ ਬੋਰਡ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਭਾਰਤੀ ਕ੍ਰਿਕਟ ਟੀਮ ਕੋਵਿਡ -19 ਮਹਾਂਮਾਰੀ ਦੇ ਮੌਜੂਦਾ ਖਤਰੇ ਦੇ ਮੱਦੇਨਜ਼ਰ ਸ੍ਰੀਲੰਕਾ ਅਤੇ ਜ਼ਿੰਬਾਬਵੇ ਦਾ ਦੌਰਾ ਨਹੀਂ ਕਰੇਗੀ।”
ਸ਼ਾਹ ਨੇ ਕਿਹਾ, “ਟੀਮ ਇੰਡੀਆ 24 ਜੂਨ 2020 ਤੋਂ ਤਿੰਨ ਵਨਡੇ ਅਤੇ ਤਿੰਨ ਟੀ -20 ਲਈ ਸ੍ਰੀਲੰਕਾ ਦਾ ਦੌਰਾ ਕਰਨ ਜਾ ਰਹੀ ਸੀ, ਜਦਕਿ 22 ਅਗਸਤ 2020 ਤੋਂ ਜ਼ਿੰਬਾਬਵੇ ਵਿੱਚ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡਣੀ ਸੀ।” ਭਾਰਤੀ ਟੀਮ ਨੇ ਅਜੇ ਟ੍ਰੇਨਿੰਗ ਆਰੰਭ ਨਹੀਂ ਕੀਤੀ ਹੈ ਅਤੇ ਜੁਲਾਈ ਤੋਂ ਪਹਿਲਾਂ ਕੈਂਪ ਲਗਾਉਣ ਦੀ ਕੋਈ ਸੰਭਾਵਨਾ ਵੀ ਨਹੀਂ ਹੈ। ਖਿਡਾਰੀ ਮੈਚਾਂ ਦੀ ਤਿਆਰੀ ਵਿੱਚ ਲੱਗਭਗ ਛੇ ਹਫ਼ਤੇ ਦਾ ਸਮਾਂ ਲੈਣਗੇ। ਸ਼ਾਹ ਨੇ ਬੋਰਡ ਦੇ ਇਸ ਕਦਮ ਨੂੰ ਦੁਹਰਾਇਆ ਕਿ ਉਹ ਟ੍ਰੇਨਿੰਗ ਕੈਂਪ ਸਿਰਫ ਉਦੋਂ ਲਾਉਣਗੇ ਜਦੋਂ ਅਜਿਹਾ ਕਰਨਾ ਸੁਰੱਖਿਅਤ ਰਹੇਗਾ।