Ind vs sa womens : ਲਖਨਊ ਦੇ ਅਟਲ ਬਿਹਾਰੀ ਸਟੇਡੀਅਮ ਵਿੱਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ ਵਿੱਚ ਦੱਖਣੀ ਅਫਰੀਕਾ ਦੀ ਮਹਿਲਾ ਕ੍ਰਿਕਟ ਟੀਮ ਨੇ ਡਕਵਰਥ ਲੁਈਸ ਨਿਯਮ ਦੇ ਅਧਾਰ ‘ਤੇ ਭਾਰਤ ਨੂੰ 6 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਵੀ ਹਾਸਿਲ ਕਰ ਲਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਦੱਖਣੀ ਅਫਰੀਕਾ ਨੂੰ 50 ਓਵਰਾਂ ਵਿੱਚ 249 ਦੌੜਾਂ ਬਣਾਉਣ ਦੀ ਚੁਣੌਤੀ ਦਿੱਤੀ ਸੀ। ਇਸ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ 46.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 223 ਦੌੜਾਂ ਬਣਾਈਆਂ ਅਤੇ ਜਿੱਤ ਲਈ 21 ਗੇਂਦਾਂ ਵਿੱਚ 26 ਦੌੜਾਂ ਦੀ ਲੋੜ ਸੀ। ਪਰ ਫਿਰ ਮੀਂਹ ਸ਼ੁਰੂ ਹੋ ਗਿਆ।
ਜਿਸ ਤੋਂ ਬਾਅਦ ਡਕਵਰਥ ਲੁਈਸ ਨਿਯਮ ਦੇ ਅਧਾਰ ‘ਤੇ, ਦੱਖਣੀ ਅਫਰੀਕਾ ਦੀ ਟੀਮ ਨੂੰ 6 ਦੌੜਾਂ ਨਾਲ ਜੇਤੂ ਘੋਸ਼ਿਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਭਾਰਤ ਨੇ ਪੂਨਮ ਰਾਉਤ (77) ਦੇ ਅਰਧ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਦੇ ਸਾਹਮਣੇ 249 ਦੌੜਾਂ ਦਾ ਟੀਚਾ ਰੱਖਿਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਨਿਰਧਾਰਤ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 248 ਦੌੜਾਂ ਬਣਾਈਆਂ ਸੀ। ਪੂਨਮ ਨੇ ਭਾਰਤ ਲਈ ਸਭ ਤੋਂ ਵੱਧ 77 ਦੌੜਾਂ ਬਣਾਈਆਂ ਸਨ।