ਸੂਰਯਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਏਸ਼ੀਆ ਕੱਪ ਵਿਚ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਿਆ ਹੈ ਤੇ 8 ਦਿਨ ਦੇ ਅੰਦਰ ਦੂਜੀ ਵਾਰ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਹੈ। ਭਾਰਤ ਨੇ ਗਰੁੱਪ ਚਰਨ ਦੇ ਬਾਅਦ ਸੁਪਰ ਚਾਰ ਵਿਚ ਵੀ ਪਾਕਿਸਤਾਨ ਨੂੰ ਧੂੜ ਚਟਾਈ ਤੇ ਇਸ ਮੈਚ ਨੂੰ 6 ਵਿਕਟਾਂ ਤੋਂ ਆਪਣੇ ਨਾਂ ਕੀਤਾ। ਭਾਰਤ ਨੇ ਇਸ ਮੈਚ ਵਿਚ ਟੌਸ ਜਿੱਤ ਕੇ ਪਹਿਲੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਸਾਹਿਬਜ਼ਾਦਾ ਫਰਹਾਨ ਨੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ 5 ਵਿਕਟਾਂ ‘ਤੇ 171 ਦੌੜਾਂ ਬਣਾਈਆਂ। ਜਵਾਬ ਵਿਚ ਅਭਿਸ਼ੇਕ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਭਾਰਤ ਨੂੰ ਦਮਦਾਰ ਸ਼ੁਰੂਆਤ ਦਿਵਾਈ ਤੇ ਦੋਵਾਂ ਵਿਚ ਪਹਿਲੇ ਵਿਕਟ ਲਈ ਸੈਂਕੜੇ ਸਾਂਝੇਦਾਰੀ ਹੋਈ। ਭਾਰਤ ਨੇ 18.5 ਓਵਰ ਵਿਚ ਚਾਰ ਵਿਕਟਾਂ ‘ਤੇ 174 ਦੌੜਾਂ ਬਣਾ ਮੈਚ ਆਪਣੇ ਨਾਂ ਕੀਤਾ।
ਇਸ ਜਿੱਤ ਦੇ ਨਾਲ ਹੀ ਇਹ ਤੈਅ ਹੋ ਗਿਆ ਹੈ ਕਿ ਪਾਕਿਸਤਾਨ ਦੀ ਟੀਮ ਭਾਰਤ ਅੱਗੇ ਟਿਕ ਨਹੀ ਪਾਉਂਦੀ ਹੈ। ਦੋਵੇਂ ਟੀਮਾਂ ਵਿਚ ਸਾਰੇ ਸਰੂਪਾਂ ਵਿਚ ਪਿਛਲੇ 7 ਮੈਚਾਂ ਵਿਚ ਪਾਕਿਸਤਾਨ ਇਕ ਵਾਰ ਵੀ ਭਾਰਤ ਨੂੰ ਨਹੀਂ ਹਰਾ ਸਕਿਆ ਹੈ। ਭਾਰਤ ਨੇ ਏਸ਼ੀਆ ਕੱਪ ਦੇ ਸੁਪਰ ਚਾਰ ਪੜਾਅ ਵਿਚ ਪਾਕਿਸਤਾਨ ਨੂੰ 6 ਵਿਕਟਾਂ ਤੋਂ ਹਰਾਇਆ। ਇਸ ਤੋਂ ਪਹਿਲਾਂ ਚੈਂਪੀਅਨਸ ਟਰਾਫੀ ਵਿਚ ਟੀਮ ਨੇ 6 ਵਿਕਟਾਂ ਤੋਂ ਜਿੱਤ ਦਰਜ ਕੀਤੀ ਸੀ ਜਦੋਂ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ ਵਿਚ ਵਿਰੋਧੀ ਟੀਮ ਨੂੰ 6 ਦੌੜਾਂ ਤੋਂ ਹਰਾਇਆ ਸੀ।
ਭਾਰਤ ਲਈ ਅਭਿਸ਼ੇਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀਤੇ 39 ਗੇਦਾਂ ‘ਤੇ 6 ਚੌਕਿਆਂ ਤੇ 5 ਛੱਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਉਨ੍ਹਾਂ ਨੇ ਗਿੱਲ ਦੇ ਨਾਲ ਪਹਿਲੇ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ। ਮੌਜੂਦਾ ਟੂਰਨਾਮੈਂਟ ਵਿਚ ਕਿਸੇ ਵੀ ਟੀਮ ਲਈ ਕਿਸੇ ਵੀ ਵਿਕਟ ਲਈ ਪਹਿਲੀ 100+ ਸਾਂਝੇਦਾਰੀ ਕੀਤੀ ਹੈ। ਪਾਕਿਸਤਾਨ ਖਿਲਾਫ ਟੀਚੇ ਦਾ ਪਿੱਛਾ ਕਰਦੇ ਹੋਏ ਅਭਿਸ਼ੇਕ ਤੇ ਗਿੱਲ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ। ਭਾਰਤ ਨੇ ਪਾਵਰਪਲੇਅ ਦੌਰਾਨ ਬਿਨਾਂ ਕਿਸੇ ਨੁਕਸਾਨ ਤੋਂ 69 ਦੌੜਾਂ ਬਣਾਈਆਂ ਸਨ। ਭਾਰਤ ਲਈ ਰਾਹਤ ਦੀ ਗੱਲ ਇਹ ਰਹੀ ਕਿ ਮੌਜੂਦਾ ਟੂਰਨਾਮੈਂਟ ਵਿਚ ਦੌੜਾਂ ਬਣਾਉਣ ਲਈ ਜੂਝ ਰਹੇ ਸ਼ੁਭਮਨ ਗਿੱਲ ਦਾ ਬੱਲਾ ਇਸ ਮੈਚ ਵਿਚ ਜੰਮ ਕੇ ਚੱਲਿਆ। ਗਿੱਲ ਤੇ ਅਭਿਸ਼ੇਕ ਵਿਚ ਸਾਂਝੇਦਾਰੀ ਨੂੰ ਫਹੀਮ ਅਸ਼ਰਫ ਨੇ ਗਿੱਲ ਨੂੰ ਆਊਟ ਕਰਕੇ ਤੋੜਿਆ।
ਗਿੱਲ ਦੇ ਆਊਟ ਹੋਣ ਦੇ ਬਾਅਦ ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਖਾਤਾ ਖੋਲ੍ਹੇ ਬਿਨਾਂ ਆਊਟ ਹੋ ਗਏ। ਇਸ ਦੇ ਕੁਝ ਦੇਰ ਬਾਅਦ ਅਬਰਾਰ ਅਹਿਮਦ ਨੇ ਅਭਿਸ਼ੇਕ ਸ਼ਰਮਾ ਦੀ ਪਾਰੀ ਦਾ ਅੰਤ ਕਰਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ। ਤਿਲਕ ਵਰਮਾ ਤੇ ਸੰਜੂ ਸੈਮਸਨ ਨੇ ਪਾਰੀ ਨੂੰ ਅੱਗੇ ਵਧਾਇਆ ਤੇ ਸੋਕਰ 150 ਦੇ ਪਾਰ ਪਹੁੰਚਾ ਦਿੱਤਾ। ਹਾਰਿਸ ਰਊਫ ਨੇ ਸੰਜੂ ਸੈਮਸਨ ਨੂੰ ਆਊਟ ਕਰਕੇ ਭਾਰਤ ਨੂੰ ਚੌਥਾ ਝਟਕਾ ਦਿੱਤਾ। ਸੈਮਸਨ ਪੰਜਵੇਂ ਨੰਬਰ ‘ਤੇ ਬੱਲੇਬਾਜ਼ੀ ਲਈ ਉਤਰੇ ਸਨ ਪਰ 17 ਗੇਂਦਾਂ ‘ਤੇ ਇਕ ਚੌਕੇ ਦੀ ਮਦਦ ਨਾਲ 13 ਦੌੜਾਂ ਬਣਾ ਕੇ ਆਊਟ ਹੋ ਗਏ। ਫਿਰ ਤਿਲਕ ਤੇ ਹਾਰਦਿਕ ਪਾਂਡੇਯ ਨੇ ਪਾਕਿਸਤਾਨ ਨੂੰ ਕੋਈ ਸਫਲਤਾ ਹਾਸਲ ਨਹੀਂ ਕਰਨ ਦਿੱਤੀ ਤੇ ਤਿਲਕ ਨੇ ਜਿੱਤ ਦਾ ਚੌਕਾ ਲਗਾਇਆ। ਤਿਲਕ 19 ਗੇਂਦਾਂ ‘ਤੇ 2 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 30 ਤੇ ਹਾਰਦਿਕ 7 ਗੇਂਦਾਂ ‘ਤੇ ਇਕ ਚੌਕੇ ਦੀ ਮਦਦ ਨਾਲ 7 ਦੌੜਾਂ ਬਣਾ ਕੇ ਨਾਟਆਊਟ ਰਹੇ।
ਵੀਡੀਓ ਲਈ ਕਲਿੱਕ ਕਰੋ -:
























